(ਸਮਾਜ ਵੀਕਲੀ)
ਕਰੋਨਾ ਮਹਾਂਮਾਰੀ ਦੇ ਦੌਰਾਨ, ਆਪਣੀ ਲਾਇਬਰੇਰੀ ਵਿਚੋਂ ਕਿਹੋ ਜਿਹੇ ਦਸਤਾਵੇਜ ਲੱਭੇ ਜਿਨਾਂ ਦੀ ਆਸ ਹੀ ਨਹੀਂ ਸੀ| ਮੇਰੀ ਲਾਇਬਰੇਰੀ ਕਦੇ ਲਾਇਬਰੇਰੀ ਹੁੰਦੀ ਸੀ| ਹਰ ਕਿਤਾਬ ਸਲੀਕੇ ਨਾਲ ਪਈ ਹੁੰਦੀ ਸੀ| ਅਲੱਗ ਫਾਇਲ ਵਿਚ ਅਲੱਗ ਮੈਟਰ ਹੁੰਦਾ ਸੀ| ਜਿਉ ਜਿਉ ਕਿਤਾਬਾਂ ਦੀ ਗਿਣਤੀ ਵਧਦੀ ਗਈ, ਫਾਇਲਾਂ ਵਧਦੀਆਂ ਗਈਆਂ | ਮਲਿੰਦ ਪਰਕਾਸ਼ਨ ਸ਼ੁਰੂ ਕੀਤਾ , ਲਾਇਬਰੇਰੀ ਸਟੋਰ ਬਣ ਗਈ| ਹੁਣ ਹਾਲਤ ਇਹ ਹੈ ਕਿ ਉਹੀ ਮੇਰੇ ਲਿਖਣ ਪੜਨ ਦਾ ਕਮਰਾ, ਉਹੀ ਲਾਇਬਰੇਰੀ, ਉਹੀ ਸਟੋਰ ਹੈ| ਫ਼ਰਸ ਤੋਂ ਅਰਸ਼ ਯਾਨੀ ਛੱਤ ਤੱਕ ਕਿਤਾਬਾਂ ਹੀ ਕਿਤਾਬਾਂ , ਅਖਬਾਰਾਂ ਹੀ ਅਖਬਾਰਾਂ , ਫਾਇਲਾਂ ਹੀ ਫ਼ਾਇਲਾਂ,ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਅਤੇ ਡੱਬੇ, ਕਿਧਰੇ ਥਾਂ ਨਹੀਂ | ਮੇਰਾ ਟੇਬਲ ਹੈ,ਮੇਰੀ ਕੁਰਸੀ ਹੈ ਅਤੇ ਛੱਤ ਤੱਕ ਲੱਗੀਆਂ, ਅਲਮਾਰੀਆਂ ਤੋਂ ਕਿਤਾਬਾਂ ਲਾਹੁੰਣ ਲਈ ਇਕ ਪੌੜੀ ਹੈ! ਪਹਿਲਾਂ ਝਟਪਟ ਚੀਜ਼ ਲੱਭ ਪੈਦੀ ਸੀ, ਫਿਰ ਕੁਝ ਘੰਟੇ ਲੱਗਣ ਲੱਗ ਪਏ, ਹੁਣ ਕਈ ਦਿਨ ਕਿਸੇ ਚੀਜ਼ ਨੂੰ ਲੱਭਦੇ ਰਹੀਦਾ ਹੈ , ਕਈ ਵਾਰੀ ਲੱਭਦੀ ਹੀ ਨਹੀਂ | ਕਈਆਂ ਦਿਨਾਂ ਤੋਂ ਮੈ , ਡਾ. ਅੰਬੇਡਕਰ ਵੀਕਰ ਸੈਕਸ਼ਨ ਵੈਲਫ਼ੇਅਰ ਸੁਸਾਇਟੀ ਦਾ ਸੰਵਿਧਾਨ ਲੱਭ ਰਿਹਾ ਸੀ ਤਾਂ ਇੱਕ ਫ਼ਾਇਲ ਵਿੱਚੋ –ਹਫ਼ਤਾਵਾਰ ਕਿਰਤੀ ਦੇ ਦੋ ਪੁਰਾਣੇ ਅੰਕ ਮਿਲ ਗਏ, ਜਿਸ ਨੂੰ ਸੀ੍ ਲਾਹੌਰੀ ਰਾਮ ਬਾਲੀ ਜੀ ਨੇ 16 ਅਪਰੈਲ 1967 ਨੂੰ ਦੁਬਾਰਾ ਸ਼ੁਰੂ ਕੀਤਾ ਸੀ| ਪਹਿਲਾਂ ਇਹ ਅਖਬਾਰ ਗਦਰੀ ਬਾਬਿਆਂ ਨੇ 1925 ਵਿਚ ਸ਼ੁਰੂ ਕੀਤਾ ਸੀ ਜਿਸ ਨੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿਚ ਬਹੁਤ ਵੱਡਾ ਰੋਲ ਅਦਾ ਕੀਤਾ ਸੀ| ਇਸ ਅਖਬਾਰ ਵਿਚ ਸ. ਭਗਤ ਸਿੰਘ ਅਤੇ ਸ. ਕਰਤਾਰ ਸਿੰਘ ਸ਼ਰਾਭਾ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ| ਉਨਾਂ ਦੇ ਲੇਖ ਇਸ ਵਿਚ ਲਗਾਤਾਰ ਛਪਦੇ ਰਹਿੰਦੇ ਸਨ| ਮੈਂ ਵੀ ਤੀਜੀ ਵਾਰ ਇਸ ਦਾ ਸੰਪਾਦਕ ਰਿਹਾ ਜਦੋ 1984 ਤੋਂ 1988 ਤੱਕ ਇਸ ਨੂੰ ਕਿਰਤੀ ਪਬਲੀਕੇਸ਼ਨ ਯੂ.ਕੇ ਵਲੋ ਜਾਰੀ ਕੀਤਾ ਗਿਆ ਸੀ| ਮੈਂ ਕਿਰਤੀ ਬਾਰੇ ਇਕ ਪੁਸਤਿਕਾ ਲਿਖਣੀਚਾਹੁੰਦਾ ਹਾਂ, ਫ਼ਿਲਹਾਲ ਇਹ ਜੋ 53 ਸਾਲ ਪੁਰਾਣੇ ਅਖਬਾਰ ਮਿਲੇ ਹਨ, ਹੁਣ ਅਖਬਾਰ ਨਹੀਂ ਰਹੇ, ਸੁੱਕੇ ਹੋਏ ਪੱਤੇ ਹਨ, ਜਿਥੋ ਫ਼ੜੋ ਭੁਰਦੇ ਜਾ ਰਹੇ ਹਨ| ਬਹੁਤ ਵਧੀਆ ਅੰਕ ਹਨ ਪਰ ਹੁਣ ਇਨਾਂ ਨੂੰ ਹੋਰ ਸਾਂਭਣਾ ਨਾਮੁਮਕਿਨ ਹੈ| ਸੋਚਿਆ ਇਹ ਇਤਿਹਾਸਕ ਦਸਤਾਵੇਜ਼ ਹਨ , ਇਨਾਂ ਨੂੰ ਸਾਥੀਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ| ਬਾਕੀ ਸਾਰੇ ਕੰਮ ਛੱਡ ਕੇ ਇੱਧਰ ਲੱਗ ਗਿਆ|
ਇਨਾਂ ਵਿਚ ਕੀ ਹੈ, ਇਹੀ ਇਸ ਲੇਖ ਦਾ ਮਤਲਬ ਹੈ…ਸੀ੍ ਲਾਹੌਰੀ ਰਾਮ ਬਾਲੀ ਦੁਆਰਾ ਪਹਿਲਾਂ ਅੰਕ 22 ਅਪਰੈਲ 1967 ਨੂੰ ਜਾਰੀ ਕੀਤਾ ਗਿਆ ਹੈ, ਇਸ ਦੇ ਪਹਿਲੇ ਪੰਨੇ ਉਪਰ ਡਾਕਟਰ ਬਾਬਾ ਸਾਹਿਬ ਅੰਬੇਦਕਰ (ਅੰਬੇਡਕਰ) ਦਾ ਲੇਖ …ਕੀ ਭਾਰਤ ਆਪਣੀ ਆਜ਼ਾਦੀ ਖੋਹ ਦੇਵੇਗਾ ? | ਦੂਜੇ ਪੰਨੇ ਉਪਰ ਤਰੀਕ 22 ਅਪਰੈਲ 1967, ਜਿਲਦ ਨੰ. 42 , ਅੰਕ ਨੰ 1, ਕੀਮਤ ਇਕ ਪਰਚਾ 20 ਪੈਸੇ, ਸਲਾਨਾ ਚੰਦਾ 10 ਰੁਪਏ, ਪਤਾ…ਹੁਸ਼ਿਆਰ ਪੁਰ ਰੋਡ ਜਲੰਧਰ| ਬੁੱਧ ਦਾ ਵਿਚਾਰ , ਸੰਪਾਦਕੀ ਨੋਟ –ਬਾਲੀ, ਜਿਸ ਵਿਚ ਕਿਰਤੀ ਦੇ ਉਦੇਸ਼ ਬਾਰੇ ਲਿਖਿਆ ਹੈ ਕਿ ਕਿਕਤੀ ਅਖਬਾਰ ਸ਼ਹੀਦ ਸ. ਭਗਤ ਸਿੰਘ ਦੀ ਵਰਾਸਤ ਹੈ, ਸਰਾਭੇ ਦੀ ਯਾਦ ਅਤੇ ਸ਼ਹੀਦਾ ਦੀ ਅਮਾਨਤ ਹੈ| ਹੋਰ ਖਬਰਾਂ ਤੋ ਇਲਾਵਾ ਯੂ.ਐਨ.ਓ. ਦੇ ਜਨਰਲ ਸੈਕਟਰੀ ਸੀ੍ ਓ ਥਾਂਟ ਦੀ ਪਰਸੰਸਾ ਕਰਦੇ ਹੋਏ ਕਿਹਾ ਹੈ ਕਿ ਤੁਸੀ ਅਮਨ ਦੇ ਮਹਾਨ ਪਰਚਾਰਕ ਬੁੱਧ ਦੇ ਅਨੁਯਾਈ ਹੋ, ਭਖਦੇ ਵੀਅਤਨਾਮ ਨੂੰ ਸਾਂਤ ਕਰੋ| ਤੀਜੇ ਪੰਨੇ ਉਪਰ .. ਦੇਸ਼ ਦਰਪਣ.. ਸਿਰਲੇਖ ਹੇਠ ਖਬਰਾਂ ਦਿੱਤੀਆਂ ਹੋਈਆਂ ਹਨ| ਚੌਥੇ ਪੰਨੇ ਉਪਰ ਇਕ ਬੇਨਾਮੀ ਲੇਖ…ਕੀ ਅਸੀਂ ਕਦੀ ਸੋਚਿਆ ? ਅਤੇ ਮਹਿੰਦਰ ਸਿੰਘ ਕੋਮਲ ਦੁਆਰਾ ਲਿਖਤ ਕਵਿਤਾ…ਜਮਾਨਾ ਔਣ ਵਾਲਾ ਏ| ਪੰਜਵੇ ਪੰਨੇ ਉਪਰ ਹਰਬਖਸ਼ ਸਿੰਘ ਐਮ.ਏ. ਦਾ ਲੇਖ …ਗੁਰੂ ਨਾਨਕ ਦਾ ਜੀਵਨ ਸੰਦੇਸ਼ …ਹੈ| ਛੇਵੇ ਅਤੇ ਸੱਤਵੇ ਪੰਨੇ ਉਪਰ …ਇਹ ਹੈ ਭੁੱਖਾ ਮਰਦਾ ਹਿੰਦੁਸਤਾਨ ਅਤੇ ਕਿਰਤੀ ਸਾਲ 1927 ਦੇ ਅੰਕ ਵਿਚੋਂ ਚੋਣਵੇ ਵਿਚਾਰ …ਇਹ ਬਾਗ ਹੈ ਜਾਂ ਕਬਰਸਤਾਨ ? ਸਿਰਲੇਖ ਹੇਠ ਦਿੱਤੇ ਗਏ ਹਨ| ਨਾਲ ਹੀ ਪਰਸਿੱਧ ਕਵੀ ਸੀ੍ ਚਰਨ ਸਿੰਘ ਸ਼ਫਰੀ ਦੀ ਪਰਸਿੱਧ ਕਵਿਤਾ … ਸਿਲੇਹਾਰ…ਦਿੱਤੀ ਹੋਈ ਹੈ| ਅੱਠਵੇ ਪੰਨੇ ਉਪਰ ਇਕ ਲੇਖ …ਗੁਰੂ ਰਵਿਦਾਸ ਜੀ ਦਾ ਮਿਸ਼ਨ …ਲੇਖਕ ਮੇਹਰ ਨਵੀਂ ਦਿੱਲੀ | ਨੌਵੇ ਪੰਨੇ ਉਪਰ ਅਰਜਨ ਸਿੰਘ ਗੜਗੱਜ ਦੀ ਕਹਾਣੀ ਛਾਪੀ ਗਈ ਹੈ| ਦਸਵੇਂ ਪੰਨੇ ਉਪਰ ਕਹਾਣੀ ਦਾ ਬਾਕੀ ਹਿੱਸਾ, ਉਰਦੂ ਵਿਚ …ਬੁੱਧ ਬਾਣੀ… , ਲਤੀਫ਼ੇ, ਖਬਰਾਂ ਅਤੇ ਪਿ੍ੰਟ ਲਾਇਨ ਛਾਪੀ ਗਈ ਹੈ| ਗਿਆਰਵੇ ਪੰਨੇ ਉਪਰ ਪਹਿਲੇ ਪੰਨੇ ਉਪਰ ਛਪੇ ਲੇਖ ਦਾ ਬਾਕੀ ਹਿੱਸਾ| ਬਾਹਰਵੇਂ ਪੰਨੇ ਉਪਰ ਫ਼ਿਕਰ ਤੌਸਵੀ ਦੀ ਕਹਾਣੀ …ਸੌਦਾ ਵੇਚਣ ਵਾਲੇ ਅਤੇ ਗਿਆਨੀ ਆਤਮਾ ਸਿੰਘ ਸਾਂਤ ਦੁਆਰਾ ਲਿਖਤ …ਕਵਾਲੀ…ਜੋ ਕਿਰਤੀ , ਫ਼ਰਵਰੀ 1926 ਦੇ ਅੰਕ ਵਿਚੋ ਲਈ ਗਈ ਹੈ| ਹੁਣ ਗੱਲ ਇਹ ਹੈ ਕਿ ਇਹ 12 ਪੰਨੇ ਦਾ ਸਾਰਾ ਅੰਕ ਹੀ ਬਹੁਤ ਵਧੀਆ ਹੈ| ਸਾਂਭਣ ਵਾਲਾ ਹੈ, ਪਰ ਕੀ ਕਰ ਸਕਦੇ ਹਾਂ| ਕਾਗਜ ਸੁੱਕੇ ਪੱਤੇ ਦੀ ਤਰਾਂ ਭੁਰ ਰਿਹਾ ਹੈ| ਸੀ੍ ਚਰਨ ਸਿੰਘ ਸ਼ਫਰੀ ਦੀ ਕਵਿਤਾ ਫੇਰ ਕਦੇ ਸਾਂਝੀ ਕਰਾਂਗਾ, ਇਕ ਛੋਟਾ ਜਿਹਾ ਲਤੀਫ਼ਾ ਸਾਂਝਾ ਕਰ ਰਿਹਾ ਹਾਂ…
ਮਾਸਟਰ…ਬੱਚਿਓ , ਤੁਹਾਡੇ ਵਿੱਚੋ ਸਵਰਗ ਜਾਣਾ ਕਿਹੜਾ ਕਿਹੜਾ ਬੱਚਾ ਪਸੰਦ ਕਰਦਾ ਹੈ ?
… ਸੁਰਿੰਦਰ ਤੋਂ ਬਗੈਰ ਸਾਰਿਆ ਨੇ ਹੱਥ ਖੜੇ ਕਰ ਦਿੱਤੇ…
ਮਾਸਟਰ…ਕਿਉਂ, ਸੁਰਿੰਦਰ, ਤੂੰ ਸਵਰਗ ਜਾਣਾ ਪਸੰਦ ਨਹੀਂ ਕਰਦਾ ?
ਸੁਰਿੰਦਰ…ਨਹੀਂ ਮਾਸਟਰ ਜੀ, ਮੇਰੀ ਬੇਬੇ ਕਹਿੰਦੀ ਸੀ ਕਿ ਕਾਕਾ ਸਕੂਲੋਂ ਸਿੱਧਾ ਘਰ ਨੂੰ ਆਇਆ ਕਰ|
ਜੋ ਦੂਸਰਾ ਅੰਕ ਮੇਰੇ ਕੋਲ ਹੈ, ਉਹ 6 ਅਤੇ 13 ਮਈ 1967 ਦਾ ਇਕੱਠਾ ਅੰਕ ਹੈ ਜਿਸਦੇ ਪਹਿਲੇ ਪੰਨੇ ਉਪਰ ਮੁੱਖ ਖਬਰ ਹੈ…ਰੋਜ਼ 15 ਹਜ਼ਾਰ ਗਊਆਂ ਦਾ ਕਤਲ ਅਤੇ ਹੋਰ ਖਬਰਾਂ ਹਨ| ਦੂਜੇ ਪੰਨੇ ਉਪਰ ਸੰਪਾਦਕੀ ਨੋਟ…ਜਾਇਜਾ ਕਮੇਟੀ ਦੀ ਰਿਪੋਰਟ ਤੇ ਅਮਲ ਕਰੋ…ਦੀ ਦੂਜੀ ਕਿਸ਼ਤ ਹੈ| ਇਕ ਲੇਖ …ਆਜ਼ਾਦ ਨਹੀਂ …ਪੀ੍ਤਮ ਰਾਹੀ ਦੁਆਰਾ ਲਿਖਤ| ਤੀਜੇ ਪੰਨੇ ਉਪਰ , ਗੁਰਬਖਸ ਸਿੰਘ ਦਾ ਲੇਖ …ਮਜ਼ਹਬ ਕੀ ਹੈ ? ਅਤੇ ਇਕ ਇਸ਼ਤਿਹਾਰ ਹੈ| ਚੌਥੇ ਪੰਨੇ ਉਪਰ ਲੇਖ ਦਾ ਬਾਕੀ ਹਿੱਸਾ ਅਤੇ ਸੀ੍ ਚਰਨ ਸਿੰਘ ਸ਼ਫਰੀ ਦੀ ਮਸ਼ਹੂਰ ਕਵਿਤਾ…ਓ ਮਜ਼ਹਬੀ ਰਹਿਬਰੋ…ਛਾਪੀ ਗਈ ਹੈ| ਪੰਜਵੇਂ ਪੰਨੇ ਉਪਰ…ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਾ ਲੇਖ… ਅਛੂਤ ਕੌਣ ਅਤੇ ਕਿਵੇਂ ?, ਉਰਦੂ ਵਿਚ ਬੁੱਧ ਬਾਣੀ ਆਦਿ| ਛੇਵੇਂ ਪੰਨੇ ਉਪਰ ਰਵਿੰਦਰ ਨਾਥ ਟੈਗੋਰ ਦੀ ਕਹਾਣੀ …ਪੁੱਤਰ ਯੱਗ | ਸੱਤਵੇ ਪੰਨੇ ਉਪਰ ਕਹਾਣੀ ਦਾ ਬਾਕੀ ਹਿੱਸਾ, ਗੁਰਦਿਆਲ ਸਿੰਘ ਰਾਏ ਦੀ ਕਵਿਤਾ…ਕਲਮ ਰੋਂਦੀ ਰਹੀ, ਅਤੇ ਸ਼ੋਕਮਈ ਚਲਾਣੇ ਦੀ ਖਬਰ, ਜਿਸ ਵਿਚ ਭਾਰਤ ਦੇ ਮਸ਼ਹੂਰ ਇਨਕਲਾਬੀ ਲੀਡਰ ਮੁਨਸ਼ੀ ਇਹਮਦ ਦੀਨ ਦੇ ਚਲਾਣੇ ਉਪਰ ਦੁੱਖ ਅਤੇ ਹਮਦਰਦੀ ਪਰਗਟ ਕੀਤੀ ਗਈ ਹੈ| ਇਸੇ ਪੰਨੇ ਉਪਰ …ਕਿਰਤੀ ਦੇ ਪਹਿਲੇ ਅੰਕ ਦੀ ਫ਼ੋਟੋ ਛਾਪੀ ਗਈ ਹੈ ਅਤੇ ਲਿਖਿਆ ਗਿਆ ਹੈ ਕਿ …ਕਿਰਤੀ ਦਾ ਉਦਘਾਟਣ 16 ਅਪਰੈਲ 1967 ਨੂੰ ਪੰਜਾਬ ਦੇ ਮਾਲ ਮੰਤਰੀ ਸੀ੍ ਰਾਜਿੰਦਰ ਸਿੰਘ ਸਪੈਰੋ ਨੇ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ, ਉਹ ਪੇਪਰ ਨੂੰ ਦੇਖਕੇ ਬਹੁਤ ਪਰਸ਼ਨ ਹੋਏ| ਕਿਰਤੀ ਦੇ ਪਹਿਲੇ ਪੇਪਰ ਦੇ ਟਾਇਟਲ ਪੇਜ਼ ਦਾ ਫ਼ੋਟੋ ਅਸੀਂ ਛਾਪ ਰਹੇ ਹਾਂ …ਅੱਠਵੇਂ ਪੰਨੇ ਉਪਰ , ਨਵਤੇਜ ਸਿੰਘ ਦੀ ਬਹੁਤ ਵਧੀਆ ਕਹਾਣੀ …..ਹੱਥ ਕਿਰਤ ਦੀ ਸਿਰਜਨਾ ਹਨ…ਅਤੇ ਜਸਵੰਤ ਸਿੰਘ ਰਾਹੀ ਦੀ ਕਵਿਤਾ ….ਹੁਨਰ ਛੱਲਾਂ ਨੇ ਘੇਰੇ… ਛਾਪੀ ਗਈ ਹੈ|
ਮੇਰੇ ਕੋਲ ਇਹ ਦੋ ਹੀ ਅੰਕ ਹਨ, ਜਿਨਾਂ ਦਾ ਤਬਸਰਾ ਮੈਂ ਇਸ ਕਰਕੇ ਕੀਤਾ ਹੈ ਤਾਂ ਕਿ ਇਸ …ਇਤਿਹਾਸਕ ਦਸਤਾਵੇਜ਼ …ਨਾਲ ਤੁਹਾਡੀ ਜਾਣ ਪਹਿਚਾਣ ਹੋ ਸਕੇ| ਇਨਾਂ ਅੰਕਾਂ ਵਿਚ ਛਪੇ ਲੇਖ, ਕਹਾਣੀਆਂ, ਕਵਿਤਾਵਾਂ ਕਾਬਲੇ ਤਾਰੀਫ਼ ਹਨ, ਉਹ ਤੁਹਾਡੇ ਨਾਲ ਕਦੇ ਫੇਰ ਸਾਂਝੀਆਂ ਕਰਾਂਗਾ|
……. ਹਰਮੇਸ਼ ਜੱਸਲ