ਮਾਲੇਰਕੋਟਲਾ- ਜੈਨ ਸਵੀਟਸ ਦੇ ਇੱਕ ਹਿੱਸੇਦਾਰ ਨੇ ਅੱਜ ਤੜਕੇ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰ ਲਈ ਹੈ। ਸਵੇਰੇ ਕਰੀਬ ਸਵਾ ਚਾਰ ਵਜੇ ਵਾਪਰੀ ਘਟਨਾ ’ਚ ਕਾਰੋਬਾਰੀ ਵਿਜੇ ਜੈਨ ਅਤੇ ਉਸ ਦੀ ਪਤਨੀ ਆਸ਼ਾ ਜੈਨ ਦੀ ਮੌਤ ਹੋ ਗਈ ਹੈ ਜਦੋਂ ਕਿ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਉਨ੍ਹਾਂ ਦੇ ਨਾਬਾਲਗ ਪੁੱਤਰ ਸਾਹਿਲ ਜੈਨ ਨੂੰ ਡੀਐੱਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਵਿਜੇ ਜੈਨ (40) ਨੇ ਆਪਣੀ 32 ਬੋਰ ਲਾਇਸੈਂਸੀ ਰਿਵਾਲਵਰ ਨਾਲ ਘਟਨਾ ਨੂੰ ਅੰਜਾਮ ਦਿੱਤਾ। ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਆਪਣੇ ਛੋਟੇ ਪੁੱਤਰ ਵਿਨੈ ਜੈਨ ਨਾਲ ਰਹਿੰਦੀ ਮ੍ਰਿਤਕ ਦੀ ਮਾਤਾ ਦਰਸ਼ਨਾ ਜੈਨ ਵਾਸੀ ਛੱਤਾ ਮੁਹੱਲਾ ਮਾਲੇਰਕੋਟਲਾ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਅੱਜ ਸਵੇਰੇ ਕਰੀਬ ਸਵਾ ਚਾਰ ਵਜੇ ਉਸ ਦੇ ਪੋਤਰੇ ਸਾਹਿਲ ਜੈਨ ਦਾ ਫੋਨ ਆਇਆ ਅਤੇ ਉਸ ਨੂੰ ਜਲਦੀ ਆਪਣੇ ਘਰ ਆਉਣ ਲਈ ਆਖਿਆ। ਉਹ ਤੁਰੰਤ ਵਿਜੇ ਜੈਨ ਦੇ ਘਰ ਪੁੱਜੇ ਤਾਂ ਉਸ ਦੇ ਪੋਤਰੇ ਸਾਹਿਲ, ਜੋ ਖੂਨ ਨਾਲ ਲੱਥਪੱਥ ਸੀ, ਨੇ ਦਰਵਾਜ਼ਾ ਖੋਲ੍ਹਿਆ। ਸਾਹਿਲ ਨੇ ਦੱਸਿਆ ਕਿ ਉਸ ਦੇ ਪਾਪਾ ਨੇ ਉਸ ਦੀ ਮੰਮੀ ਨੂੰ ਰਿਵਾਲਵਰ ਨਾਲ ਗੋਲੀਆਂ ਮਾਰਨ ਮਗਰੋਂ ਉਸ ’ਤੇ ਗੋਲੀ ਚਲਾਈ ਅਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲਈ ਹੈ। ਉਨ੍ਹਾਂ ਤੁਰੰਤ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਨੂੰਹ ਆਸ਼ਾ ਜੈਨ (38) ਦੀ ਲਾਸ਼ ਪਈ ਸੀ ਅਤੇ ਘਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਬੈੱਡਰੂਮ ਵਿਚ ਉਸ ਦਾ ਪੁੱਤਰ ਵਿਜੇ ਜੈਨ (40 ਸਾਲ) ਗੰਭੀਰ ਜ਼ਖ਼ਮੀ ਹਾਲਤ ਵਿਚ ਪਿਆ ਸੀ। ਉਹ ਤੁਰੰਤ ਗੰਭੀਰ ਜ਼ਖ਼ਮੀ ਪਿਉ-ਪੁੱਤਰ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਵਿਜੇ ਜੈਨ ਦੀ ਮੌਤ ਹੋ ਗਈ ਜਦੋਂ ਕਿ ਸਾਹਿਲ ਜੈਨ (13) ਨੂੰ ਇਲਾਜ ਲਈ ਡੀਐੱਮਸੀ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਡੀਐੱਸਪੀ ਮਾਲੇਰਕੋਟਲਾ ਸੁਮਿਤ ਸੂਦ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਹਿਲ ਜੈਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਜ਼ੇਰੇ ਇਲਾਜ ਹੈ। ਘਟਨਾ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਟੀ-2 ਮਾਲੇਰਕੋਟਲਾ ਦੇ ਮੁੱਖ ਅਫ਼ਸਰ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਮ੍ਰਿਤਕ ਵਿਜੇ ਜੈਨ ਖ਼ਿਲਾਫ਼ ਜ਼ੇਰੇ ਦਫ਼ਾ 302, 307 ਆਈਪੀਸੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
INDIA ਕਾਰੋਬਾਰੀ ਵਲੋਂ ਪਤਨੀ ਤੇ ਪੁੱਤ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ