ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ਵਿਜੈ ਦਿਵਸ ਮੌਕੇ ਕਾਰਗਿਲ ਦੀ ਲੜਾਈ ਦੌਰਾਨ ਹਥਿਆਬੰਦ ਫ਼ੌਜਾਂ ਵੱਲੋ ਦਿਖਾਈ ਗਈ ਬਹਾਦਰੀ ਨੂੰ ਸਲਾਮ ਕਰਦਿਆਂ ਲੋਕਾਂ ਨੂੰ ਸੈਨਿਕਾਂ ਦੇ ਮਨੋਬਲ ਨੂੰ ਧਿਆਨ ਵਿੱਚ ਰੱਖ ਕੇ ਹੀ ਕੁਝ ਬੋਲਣ ਅਤੇ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਕਿਹਾ ਕਿ ਜੰਗਾਂ ਸਿਰਫ਼ ਸਰਹੱਦਾਂ ’ਤੇ ਹੀ ਨਹੀਂ ਲੜੀਆਂ ਜਾਂਦੀਆਂ ਸਗੋਂ ਦੇਸ਼ ਦੇ ਅੰਦਰ ਵੀ ਕਈ ਮੋਰਚਿਆਂ ’ਤੇ ਲੜੀਆਂ ਜਾਂਦੀਆਂ ਹਨ।
ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜੋ ਇਸ ਵਾਰ ਇਤਫ਼ਾਕ ਨਾਲ ਕਾਰਗਿਲ ਵਿਜੈ ਦਿਵਸ ਦੀ 21ਵੀਂ ਵਰ੍ਹੇਗੰਢ ਮੌਕੇ ਸੀ, ’ਤੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਟਕਰਾਅ ਲਈ ਪਾਕਿਸਤਾਨ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਦਿੱਲੀ ਵੱਲੋਂ ਦੋਸਤੀ ਲਈ ਵਧਾਏ ਗਏ ਹੱਥ ਦਾ ਜਵਾਬ ਇਸਲਾਮਾਬਾਦ ਨੇ ਪਿੱਠ ’ਚ ਛੁਰਾ ਮਾਰ ਕੇ ਦਿੱਤਾ ਸੀ। ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਵਿਵਹਾਰ ਤੇ ਟਿੱਪਣੀਆਂ ਹਮੇਸ਼ਾਂ ਸੈਨਿਕਾਂ ਦਾ ਮਨੋਬਲ ਤੇ ਮਾਣ ਵਧਾਉਣ ਵਾਲੀਆਂ ਹੋਣ। ਉਨ੍ਹਾਂ ਹਰੇਕ ਦੇਸ਼ ਵਾਸੀ ਨੂੰ ਅਪੀਲ ਕੀਤੀ ਕਿ ਉਹ ਸਭ ਕੁਝ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣ ਲਈ ਕਰਨ। ਇਸ ਦੌਰਾਨ ਉਨ੍ਹਾਂ ਸੋਸ਼ਲ ਮੀਡੀਆ ਦੇ ਖ਼ਤਰਿਆਂ ਦਾ ਜ਼ਿਕਰ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਆਜ਼ਾਦੀ ਦਿਵਸ ਸਮਾਗਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮਾਗਮ ਇਸ ਵਾਰ ਕਰੋਨਾਵਾਇਰਸ ਮਹਾਮਾਰੀ ਵਿਚਾਲੇ ਆ ਰਹੇ ਹਨ, ਇਸ ਕਰ ਕੇ ਇਹ ਕਾਫੀ ਵੱਖਰੇ ਹੋਣਗੇ। ਉਨ੍ਹਾਂ ਨੌਜਵਾਨਾਂ ਨੂੰ ਇਸ 15 ਅਗਸਤ ਨੂੰ ਮਹਾਮਾਰੀ ਤੋਂ ਆਜ਼ਾਦੀ ਪਾਉਣ ਦੀ ਸਹੁੰ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਦੇਸ਼ ਭਰ ਵਿੱਚ ਹੜ੍ਹਾਂ ਤੇ ਮੀਂਹ ਨਾਲ ਪ੍ਰਭਾਵਿਤ ਹੋਏ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਬੋਰਡ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਅਾਰਥੀਆਂ ਨਾਲ ਵੀ ਗੱਲਬਾਤ ਕੀਤੀ।