ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਮੌਕੇ ਭਾਰਤ ਵੱਲੋਂ ਅੱਜ ਬਹਾਦਰ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸਲਾਮ ਕੀਤਾ ਗਿਆ। ਅੱਜ ਦੇ ਹੀ ਦਿਨ 1999 ’ਚ ਭਾਰਤੀ ਫ਼ੌਜ ਨੇ ਕਰੀਬ ਤਿੰਨ ਮਹੀਨਿਆਂ ਤਕ ਕਾਰਗਿਲ ਦੀਆਂ ਬਰਫ਼ੀਲੀ ਪਹਾੜੀਆਂ ’ਤੇ ਚੱਲੀ ਜੰਗ ’ਚ ਜਿੱਤ ਦਾ ਪਰਚਮ ਲਹਿਰਾਇਆ ਸੀ। ਪਾਕਿਸਤਾਨ ਨਾਲ ਹੋਈ ਜੰਗ ਦੌਰਾਨ ਭਾਰਤ ਦੇ ਕਰੀਬ 500 ਜਵਾਨ ਸ਼ਹੀਦ ਹੋਏ ਸਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਹੌਸਲੇ, ਬਹਾਦਰੀ ਅਤੇ ਸਮਰਪਣ ਨੂੰ ਨਮਨ ਕੀਤਾ। ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਦਰਾਸ ’ਚ ਹੋਏ ਸਮਾਗਮ ’ਚ ਅਤਿਵਾਦੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਹਥਿਆਰ ਨਾ ਛੱਡੇ ਤਾਂ ਜਾਨ ਤੋਂ ਹੱਥ ਧੋਣਾ ਪਵੇਗਾ। ਉਨ੍ਹਾਂ ਆਸ ਜਤਾਈ ਕਿ ਅਤਿਵਾਦ ਨੂੰ ਜੰਮੂ ਕਸ਼ਮੀਰ ’ਚੋਂ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਪਾਕਿਸਤਾਨ ਨੂੰ ਖ਼ਬਰਦਾਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਕਾਰਗਿਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਮੂੰਹ ਦੀ ਖਾਣੀ ਪਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਚੋਲਗੀ ਦੀ ਪੇਸ਼ਕਸ਼ ਦਾ ਜ਼ਿਕਰ ਕਰਦਿਆਂ ਥਲ ਸੈਨਾ ਮੁਖੀ ਨੇ ਕਿਹਾ ਕਿ ਗੱਲਬਾਤ ਅਤੇ ਕਾਰਵਾਈ ’ਚ ਫਰਕ ਹੁੰਦਾ ਹੈ ਅਤੇ ਜਦੋਂ ਕਾਰਵਾਈ ਹੋ ਰਹੀ ਹੁੰਦੀ ਹੈ ਤਾਂ ਤੁਹਾਨੂੰ ਵਾਰਤਾ ’ਤੇ ਯਕੀਨ ਕਰਨਾ ਪੈਂਦਾ ਹੈ।
ਥਲ ਸੈਨਾ ਮੁਖੀ ਨੇ ਹਵਾਈ ਸੈਨਾ ਮੁਖੀ ਏਅਰ ਮਾਰਸ਼ਲ ਬੀ ਐੱਸ ਧਨੋਆ ਅਤੇ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨਾਲ ਮਿਲ ਕੇ ਦਰਾਸ ’ਚ ਕਾਰਗਿਲ ਜੰਗੀ ਯਾਦਗਾਰ ’ਤੇ ਵੀਰਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਰਾਸ਼ਟਰਪਤੀ ਕੋਵਿੰਦ ਨੇ ਵੀ ਦਰਾਸ ’ਚ ਹੋਣ ਵਾਲੇ ਸਮਾਗਮ ਦੌਰਾਨ ਹਿੱਸਾ ਲੈਣਾ ਸੀ ਪਰ ਖ਼ਰਾਬ ਮੌਸਮ ਕਾਰਨ ਉਹ ਉਥੇ ਨਹੀਂ ਪਹੁੰਚ ਸਕੇ। ਉਨ੍ਹਾਂ ਕਸ਼ਮੀਰ ’ਚ ਬਦਾਮੀ ਬਾਗ ਛਾਉਣੀ ’ਚ ਥਲ ਸੈਨਾ ਦੇ 15 ਕੋਰ ਹੈੱਡਕੁਆਰਟਰ ’ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਸਲਾਮ ਕੀਤਾ। ਭਾਰਤੀ ਹਵਾਈ ਸੈਨਾ ਨੇ ਸ਼ੁੱਕਰਵਾਰ ਨੂੰ 1999 ਦੀ ਜੰਗ ਦੌਰਾਨ ਹੋਏ ਅਪਰੇਸ਼ਨ ਦਾ ਵਿਸ਼ੇਸ਼ ਵੀਡੀਓ ਜਾਰੀ ਕਰਕੇ ਸ਼ਰਧਾਂਜਲੀ ਦਿੱਤੀ। -ਪੀਟੀਆਈ