ਸਾਹਾ ਤੇ ਦੂਬੇ ਦੀਆਂ ਪਾਰੀਆਂ ਸਦਕਾ ਭਾਰਤ ‘ਏ’ ਨੂੰ ਲੀਡ

ਸੱਟ ਕਾਰਨ ਲੰਮਾ ਸਮਾਂ ਮੈਦਾਨ ਤੋਂ ਦੂਰ ਰਹੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ (ਨਾਬਾਦ 61) ਤੇ ਸ਼ਿਵਮ ਦੂਬੇ (71) ਦੀਆਂ ਪਾਰੀਆਂ ਤੇ ਦੋਵਾਂ ਵਿਚਾਲੇ ਛੇਵੇਂ ਵਿਕਟ ਲਈ 124 ਦੌੜਾਂ ਦੀ ਭਾਈਵਾਲੀ ਨਾਲ ਭਾਰਤ ‘ਏ’ ਨੇ ਪਹਿਲੇ ਅਣਅਧਿਕਾਰਤ ਟੈਸਟ ਦੇ ਦੂਜੇ ਦਿਨ ਵੈਸਟਇੰਡੀਜ਼ ‘ਏ’ ਖ਼ਿਲਾਫ਼ ਪਹਿਲੀ ਪਾਰੀ ਵਿਚ 71 ਦੌੜਾਂ ਦੀ ਲੀਡ ਕਾਇਮ ਕਰ ਲਈ। ਭਾਰਤੀ ਟੀਮ ਨੇ ਦਿਨ ਦੀ ਸ਼ੁਰੂਆਤ ਇਕ ਵਿਕਟ ’ਤੇ 70 ਦੌੜਾਂ ਤੋਂ ਕੀਤੀ ਤੇ ਸਟੰਪਸ ਦੇ ਸਮੇਂ ਤੱਕ ਟੀਮ ਦਾ ਸਕੋਰ 8 ਵਿਕਟਾਂ ’ਤੇ 299 ਦੌੜਾਂ ਸੀ। ਵਿੰਡੀਜ਼ ਟੀਮ ਇਸ ਤੋਂ ਪਹਿਲਾਂ 228 ਦੌੜਾਂ ’ਤੇ ਹੀ ਆਊਟ ਹੋ ਗਈ ਸੀ। ਸੱਟ ਕਾਰਨ ਟੀਮ ਵਿਚੋਂ ਬਾਹਰ ਰਹੇ ਸਾਹਾ ਦੀ ਚੋਣ ਅਗਲੇ ਮਹੀਨੇ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੀ ਟੈਸਟ ਲੜੀ ਲਈ ਹੋਈ ਹੈ। ਉਨ੍ਹਾਂ ਲੈਅ ਵਿਚ ਹੋਣ ਦਾ ਸੰਕੇਤ ਦਿੰਦਿਆਂ 146 ਗੇਂਦਾਂ ਵਿਚ 61 ਦੌੜਾਂ ਬਣਾਈਆਂ ਤੇ ਕ੍ਰੀਜ਼ ’ਤੇ ਡਟੇ ਹੋਏ ਹਨ। ਦੂਬੇ ਦੇ ਆਊਟ ਹੋਣ ਤੋਂ ਬਾਅਦ ਹਾਲਾਂਕਿ ਭਾਰਤੀ ਟੀਮ ਦੇ ਹੇਠਲੇ ਕ੍ਰਮ ਦੇ ਦੋ ਬੱਲੇਬਾਜ਼ ਸਿਰਫ਼ ਸੱਤ ਦੌੜਾਂ ਦੇ ਫਰਕ ਨਾਲ ਪੈਵਿਲੀਅਨ ਪਰਤ ਗਏ। ਇਸ ਤੋਂ ਪਹਿਲਾਂ ਪ੍ਰਿਆਂਕ ਪਾਂਚਾਲ (49) ਤੇ ਸ਼ੁਭਮਨ ਗਿੱਲ (40) ਨੇ ਦੂਜੇ ਵਿਕਟ ਲਈ 46 ਦੌੜਾਂ ਜੋੜੀਆਂ। ਕਪਤਾਨ ਹਨੁਮਾ ਵਿਹਾਰੀ ਨੇ 80 ਗੇਂਦਾਂ ਵਿਚ 31 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਸ੍ਰੀਕਰ ਭਾਰਤ ਪਹਿਲੀ ਗੇਂਦ ’ਤੇ ਹੀ ਆਊਟ ਹੋ ਗਏ।

Previous articleਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸਲਾਮ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਦਿੱਤੀਆਂ ਸ਼ਰਧਾਂਜਲੀਆਂ * ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਦਾ ਮੁੱਖ ਸਮਾਗਮ ਦਰਾਸ ’ਚ ਹੋਇਆ * ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਜੰਗੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ * ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਅਤਿਵਾਦੀਆਂ ਅਤੇ ਪਾਕਿਸਤਾਨ ਨੂੰ ਦਿੱਤੀ ਚਿਤਾਵਨੀ
Next articleਬੱਲੇਬਾਜ਼ੀ ਕੋਚ ਸੰਜੈ ਬਾਂਗੜ ਦੀ ਛੁੱਟੀ ਹੋਣ ਦੀ ਸੰਭਾਵਨਾ