ਜਲੰਧਰ (ਸਮਾਜਵੀਕਲੀ) – ਪੰਜਾਬ ਪੁਲੀਸ ਤੇ ਕਾਊਂਟਰ ਇੰਟੈਲੀਜੈਂਸ ਸਮੇਤ ਹੋਰ ਏਜੰਸੀਆਂ ਦੀ ਮਦਦ ਨਾਲ ਸੁਲਤਾਨਪੁਰ ਲੋਧੀ ਤੋਂ ਫੜੇ ਗਏ ਛੇ ਕਥਿਤ ਗੈਂਗਸਟਰਾਂ ਵਿਚੋਂ ਚਾਰ ਜਣੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਕਰੀਬੀ ਦੱਸੇ ਜਾਂਦੇ ਹਨ। ਇਨ੍ਹਾਂ ’ਚੋਂ ਦੋ ਜਣਿਆਂ ਨੂੰ ਤਾਂ ਯੂਥ ਕਾਂਗਰਸ ਦੇ ਅਹੁਦੇ ਦੇ ਕੇ ਵੀ ਨਿਵਾਜਿਆ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੱਜਣ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਏਨੇ ਖਤਰਨਾਕ ਗੈਂਗਸਟਰਾਂ ਨਾਲ ਹਲਕੇ ਵਿਧਾਇਕ ਦੀਆਂ ਨਜ਼ਦੀਕੀਆਂ ਦੀ ਜਾਂਚ ਕਰਵਾਈ ਜਾਵੇ। ਵਿਧਾਇਕ ਨਵਤੇਜ ਸਿੰਘ ਚੀਮਾ ਦੇ ਪੀਏ ਨੇ ਦੱਸਿਆ ਕਿ ਵਿਧਾਇਕ ਨੂੰ ਤਾਂ ਹਜ਼ਾਰਾਂ ਲੋਕ ਹੀ ਮਿਲਦੇ ਰਹਿੰਦੇ ਹਨ।
ਪੀਏ ਨੇ ਦਾਅਵਾ ਕੀਤਾ ਕਿ ਇਨ੍ਹਾਂ ਫੜੇ ਗਏ ਗੈਂਗਸਟਰਾਂ ਨਾਲ ਵਿਧਾਇਕ ਚੀਮਾ ਦਾ ਕੋਈ ਸਬੰਧ ਨਹੀਂ ਸੀ ਤੇ ਨਾ ਹੀ ਕਿਸੇ ਨੂੰ ਯੂਥ ਕਾਂਗਰਸ ਦਾ ਅਹੁਦੇਦਾਰ ਬਣਾਇਆ ਗਿਆ ਸੀ।