ਨਵੀਂ ਦਿੱਲੀ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਆਪਣੀ ਮੰਗ ’ਤੇ ਕਾਇਮ ਤੇ ਪਿਛਲੇ 47 ਦਿਨਾਂ ਤੋਂ ਅਤਿ ਦੀ ਠੰਢ ’ਚ ਦਿੱਲੀ ਦੀਆਂ ਬਰੂਹਾਂ ’ਤੇ ਮੋਰਚੇ ਲਾਈ ਬੈਠੇ ਕਿਸਾਨਾਂ ਨੇ ਅੱਜ ਵਿਵਾਦਿਤ ਖੇਤੀ ਕਾਨੂੰਨਾਂ ਦੀ ਕਾਪੀਆਂ ਦਾ ‘ਭੁੱਗਾ’ ਬਾਲ ਕੇ ਲੋਹੜੀ ਦਾ ਤਿਉਹਾਰ ਮਨਾਇਆ। ਲੋਹੜੀ ਦੇ ਰਵਾਇਤੀ ਗੀਤਾਂ ਨੂੰ ਵਿਅੰਗਮਈ ਪਾਣ ਚਾੜ੍ਹ ਕੇ ਖੇਤੀ ਕਾਨੂੰਨਾਂ ਵੀ ਵਾਪਸੀ ਤੱਕ ਇਸੇ ਤਰ੍ਹਾਂ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਦਾ ਅਹਿਦ ਲਿਆ।
ਦਿੱਲੀ ਵਿੱਚ ਚਾਰ ਵੱਖ ਵੱਖ ਥਾਈਂ ਲਾਏ ਮੋਰਚਿਆਂ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦਿਆਂ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਜੈ ਜਵਾਨ, ਜੈ ਕਿਸਾਨ’, ‘ਸਾਡਾ ਹੱਕ-ਇੱਥੇ ਰੱਖ’ ਦੇ ਨਾਅਰੇ ਲਾਏ ਗਾਏ। ‘ਯੂਥ ਫਾਰ ਸੁਸਾਇਟੀ ਦੇ ਕਾਰਕੁਨਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਤਨਜ ਕਸਦਿਆਂ ਲੋਹੜੀ ਦੇ ਰਵਾਇਤੀ ਗਾਣੇ ‘ਸੁੰਦਰ-ਮੁੰਦਰੀਏ’ ਨੂੰ ਵਿਅੰਗਮਈ ਤਰੀਕੇ ਨਾਲ ਗਾਇਆ। ਸਿੰਘੂ ਵਿਖੇ ਪ੍ਰੈੱਸ ਕਾਨਫਰੰਸ ਵਾਲੀ ਥਾਂ ਉਪਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਧੂਣੀ ਵਿੱਚ ਸਾੜਨ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਸਿੰਘੂ ਵਿਖੇ ਰਾਤ ਸਮੇਂ ਟਰਾਲੀਆਂ ਨੇੜੇ ਕਿਸਾਨਾਂ ਨੇ ਲੋਹੜੀ ਦੀਆਂ ਧੂਣੀਆਂ ਬਾਲੀਆਂ ਤੇ ਨਾਲ ਹੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਦੇਰ ਰਾਤ ਤੱਕ ਲੋਕ ਧੂਣੀਆਂ ਕੋਲ ਬੈਠੇ ਕਿਸਾਨ ਅੰਦੋਲਨ ਦੀ ਚਰਚਾ ਕਰਦੇ ਰਹੇ। ਹੋਰ ਬਾਰਡਰਾਂ ਉਪਰ ਵੀ ਕਿਸਾਨਾਂ ਨੇ ਇਸੇ ਤਰ੍ਹਾਂ ਲੋਹੜੀ ਮਨਾਈ।