ਭਾਰਤੀ ਪੁਰਸ਼ ਮੁੱਕੇਬਾਜ਼ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਪਹਿਲਾਂ ਹੀ ਆਪਣੇ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕਰ ਚੁੱਕੇ ਹਨ, ਜਦਕਿ ਮਹਿਲਾਵਾਂ ਨੇ ਵੀ ਦਬਦਬਾ ਕਾਇਮ ਰੱਖ ਕੇ ਸੈਮੀ-ਫਾਈਨਲ ਤੋਂ ਪਹਿਲਾਂ ਭਾਰਤ ਨੂੰ ਅੰਕ ਸੂਚੀ ਵਿੱਚ ਚੋਟੀ ’ਤੇ ਪਹੁੰਚਾ ਦਿੱਤਾ ਹੈ। ਘੱਟ ਤੋਂ ਘੱਟ ਕਾਂਸੀ ਦੇ ਤਗ਼ਮੇ ਪੱਕਾ ਕਰ ਚੁੱਕੇ ਭਾਰਤ ਦੇ 13 ਮੁੱਕੇਬਾਜ਼ (ਸੱਤ ਪੁਰਸ਼ ਅਤੇ ਛੇ ਮਹਿਲਾਵਾਂ) ਸੈਮੀ-ਫਾਈਨਲ ਮੁਕਾਬਲੇ ਵਿੱਚ ਇਨ੍ਹਾਂ ਦਾ ਰੰਗ ਬਦਲਣ ਦੇ ਇਰਾਦੇ ਨਾਲ ਉਤਰਨਗੇ। ਭਾਰਤੀ ਮੁੱਕੇਬਾਜ਼ੀ ਦੀ ਮਹਾਂਸ਼ਕਤੀ ਕਜ਼ਾਖ਼ਸਤਾਨ (ਸੱਤ ਪੁਰਸ਼ ਅਤੇ ਚਾਰ ਮਹਿਲਾਵਾਂ) ਅਤੇ ਚੀਨ (ਦੋ ਪੁਰਸ਼ ਅਤੇ ਅੱਠ ਮਹਿਲਾਵਾਂ) ਤੋਂ ਅੱਗੇ ਹੈ। ਭਾਰਤ ਦੇ ਦੀਪਕ ਸਿੰਘ (49 ਕਿਲੋ), ਅਮਿਤ ਪੰਘਲ (52 ਕਿਲੋ), ਕਵਿੰਦਰ ਸਿੰਘ ਬਿਸ਼ਟ (56 ਕਿਲੋ), ਸ਼ਿਵਾ ਥਾਪਾ (60 ਕਿਲੋ), ਅਸ਼ੀਸ਼ (69 ਕਿਲੋ), ਅਸ਼ੀਸ਼ ਕੁਮਾਰ (75 ਕਿਲੋ) ਅਤੇ ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਸੈਮੀ ਫਾਈਨਲ ਖੇਡਣਗੇ। ਮਹਿਲਾ ਵਰਗ ਵਿੱਚ ਨਿਖਿਤ ਜ਼ਰੀਨ (51 ਕਿਲੋ), ਮਨੀਸ਼ਾ (54 ਕਿਲੋ), ਸੋਨੀਆ ਚਾਹਲ (57 ਕਿਲੋ), ਐਲ ਸਰਿਤਾ ਦੇਵੀ (60 ਕਿਲੋ), ਸਿਮਰਨਜੀਤ ਕੌਰ (64 ਕਿਲੋ) ਅਤੇ ਪੂਜਾ ਰਾਣੀ (75 ਕਿਲੋ) ਤਗ਼ਮੇ ਦੀ ਦੌੜ ਵਿੱਚ ਹੋਣਗੀਆਂ। ਭਾਰਤੀ ਪੁਰਸ਼ ਟੀਮ ਨੇ 2009 ਵਿੱਚ ਇੱਕ ਸੋਨੇ ਸਣੇ ਸੱਤ ਤਗ਼ਮੇ ਜਿੱਤੇ ਸਨ। ਤਾਇਵਾਨ ਵਿੱਚ 2005 ਵਿੱਚ ਭਾਰਤ ਨੇ ਸੱਤ ਸੋਨੇ ਸਣੇ 11 ਤਗ਼ਮੇ ਆਪਣੇ ਨਾਮ ਕੀਤੇ ਸਨ। ਦੀਪਕ ਦਾ ਸਾਹਮਣਾ ਕਜ਼ਾਖ਼ਸਤਾਨ ਦੇ ਤੇਮਿਰਤਾਸ ਜੁਸੁਪੋਵ ਨਾਲ ਹੋਵੇਗਾ, ਜਦਕਿ ਕਵਿੰਦਰ ਮੰਗੋਲੀਆ ਦੇ ਐਂਖ ਅਮਾਰ ਖਾਖੂ ਨਾਲ ਭਿੜੇਗਾ। ਅਸ਼ੀਸ਼ ਦੀ ਟੱਕਰ ਇਰਾਨ ਦੇ ਸੈਯਦਸ਼ਾਹੀਨ ਮੂਸਾਵੀ ਨਾਲ ਹੋਵੇਗੀ। ਮਹਿਲਾ ਵਰਗ ਵਿੱਚ ਮਨੀਸ਼ਾ ਸਰਿਤਾ ਅਤੇ ਪੂਜਾ ਦਾ ਸਾਹਮਣਾ ਕ੍ਰਮਵਾਰ ਤਾਇਵਾਨ ਦੀ ਹੁਆਂਗ ਸਿਆਓ ਵੇਨ, ਚੀਨ ਦੀ ਯਾਂਗ ਵੇਨਲੁ ਅਤੇ ਕਜ਼ਾਖ਼ਸਤਾਨ ਦੀ ਫਰੀਜ਼ਾ ਐਸ ਨਾਲ ਹੋਵੇਗਾ। ਸ਼ਿਵਾ ਦੀ ਟੱਕਰ ਕਜ਼ਾਖ਼ਸਤਾਨ ਦੇ ਜ਼ਾਕਿਰ ਸਫ਼ੀਉਲੀਨ ਨਾਲ ਹੋਵੇਗੀ। ਅਮਿਤ ਦਾ ਸਾਹਮਣਾ ਚੀਨ ਦੀ ਹੁ ਜਿਆਂਗੁਆਨ ਅਤੇ ਅਸ਼ੀਸ਼ ਦੀ ਟੱਕਰ ਉਜ਼ਬੇਕਿਸਤਾਨ ਦੇ ਬੋਬੋ ਉਸਮਾਨ ਬੀ ਨਾਲ ਹੋਵੇਗੀ। ਸਤੀਸ਼ ਦੇ ਸਾਹਮਣੇ ਕਜ਼ਾਖ਼ਸਤਾਨ ਦੇ ਕਾਮਸ਼ਿਬੇਕ ਕੁੰਕਾਬਾਯੇਬ ਹੋਵੇਗਾ। ਨਿਖਿਤ ਦਾ ਮੁਕਾਬਲਾ ਵੀਅਤਨਾਮ ਦੀ ਐਗੁਅਨ ਥੀ ਤਾਮ ਨਾਲ ਅਤੇ ਸੋਨੀਆ ਦਾ ਸਾਹਮਣਾ ਥਾਈਲੈਂਡ ਦੀ ਨਿਵਾਨ ਟੀ ਨਾਲ ਹੋਵੇਗਾ। ਕੌਮੀ ਚੈਂਪੀਅਨ ਸਿਮਰਨਜੀਤ ਦਾ ਭੇੜ ਉਜ਼ਬੇਕਿਸਤਾਨ ਦੀ ਐਮ ਮੇਲੀਵਾ ਨਾਲ ਹੋਵੇਗਾ।
Sports ਕਾਂਸੀ ਦਾ ਰੰਗ ਬਦਲਣ ਉਤਰਨਗੇ ਭਾਰਤੀ ਮੁੱਕੇਬਾਜ਼