ਕਾਂਗਰਸ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਸ਼ਹਿ ਦੇ ਰਹੀ ਹੈ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਖ਼ਤਰੇ ਵਿਚ ਹੈ, ਕਿਉਂਕਿ ਕਾਂਗਰਸ ਸਰਕਾਰ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਕਸੂਦਾਂ ਬੰਬ ਧਮਾਕਾ ਅਤੇ ਉੱਤਰ ਪ੍ਰਦੇਸ਼ ਦੀ ਪੁਲੀਸ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀਆਂ ਘਟਨਾਵਾਂ ਨੇ ਪੰਜਾਬ ਦੀ ਸ਼ਾਂਤੀ ਉੱਤੇ ਮੰਡਰਾ ਰਹੇ ਖ਼ਤਰੇ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤਕ ਕਿ ਉਨ੍ਹਾਂ (ਮੇਰੇ) ਕਾਫ਼ਲੇ ਉੱਤੇ ਵੀ ਸੰਗਰੂਰ ਵਿਚ ਹਮਲਾ ਕੀਤਾ ਗਿਆ ਸੀ, ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਦੀ ਥਾਂ, ਮੁਲਜ਼ਮਾਂ ਵਿਰੁੱਧ ਕੇਸ ਵਾਪਸ ਲੈ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕਾਂਗਰਸ ਸਰਕਾਰ ਆਪਣੇ ਅਤੀਤ ਦੇ ਹਾਕਮਾਂ ਵਾਂਗ ਸਿਆਸਤ ਨੂੰ ਸ਼ਾਂਤੀ ਤੋਂ ਉੱਪਰ ਰੱਖਦੀ ਹੈ। ਕਾਂਗਰਸ ਦੀ ਇਹੀ ਸੋਚ ਪੰਜਾਬ ਨੂੰ ਕਾਲੇ ਦਿਨਾਂ ਵੱਲ ਲੈ ਕੇ ਗਈ ਸੀ ਤੇ ਸੂਬੇ ਵਿਚ ਸ਼ਾਂਤੀ ਕਾਇਮ ਕਰਨ ਵਾਸਤੇ ਮੌਜੂਦਾ ਸਰਕਾਰ ਨੂੰ ਆਪਣੀ ਇਹ ਨੀਤੀ ਛੱਡਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਮੁਖੀ ਨੇ ਵੀ ਹਾਲ ਹੀ ਵਿਚ ਪੰਜਾਬ ਸਰਕਾਰ ਨੂੰ ਇਸ ਬਾਰੇ ਚੌਕਸ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕ ਇਹ ਵੀ ਵੇਖ ਚੁੱਕੇ ਹਨ ਕਿ ਕਿਸ ਤਰ੍ਹਾਂ ਪੰਜਾਬ ਵਿਚ ਗੜਬੜ ਕਰਵਾਉਣ ਲਈ ਵਿਦੇਸ਼ਾਂ ਵਿੱਚੋਂ ਪੈਸਾ ਭੇਜਿਆ ਜਾ ਰਿਹਾ ਹੈ। ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਸ਼ਰਾਰਤੀ ਅਨਸਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦੇਣਾ ਚਾਹੀਦਾ ਹੈ।

Previous articleTrump plans to visit US troops in war zones
Next articleਏਪੈੱਕ ਸੰਮੇਲਨ ਸ਼ੀ ਤੇ ਪੈਂਸ ਦੀਆਂ ਤਕਰੀਰਾਂ ਭੇਟ ਚੜ੍ਹਿਆ