ਨਵੀਂ ਦਿੱਲੀ (ਸਮਾਜਵੀਕਲੀ) : ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਭਾਰਤ ਦੀ ਸੈਂਕੜੇ ਕਿਲੋਮੀਟਰ ਜ਼ਮੀਨ ਚੀਨ ਨੂੰ ਬਿਨਾਂ ਸੰਘਰਸ਼ ਦੇ ਸੌਂਪ ਦਿੱਤੀ ਅਤੇ ਉਨ੍ਹਾਂ ਦੇ ਕਾਰਜਕਾਲ ਵਿੱਚ 2010 ਤੋਂ 2013 ਵਿਚਾਲੇ ਗੁਆਂਢੀ ਮੁਲਕ ਨੇ 600 ਵਾਰ ਘੁਸਪੈਠ ਕੀਤੀ।
ਸਾਬਕਾ ਪ੍ਰਧਾਨ ਮੰਤਰੀ ਨੇ ਚੀਨ ਨਾਲ ਜਾਰੀ ਮੌਜੂਦਾ ਤਣਾਅ ਨਾਲ ਨਜਿੱਠਣ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਸੀ, ਜਿਸ ਤੋਂ ਬਾਅਦ ਟਵਿਟਰ ’ਤੇ ਨੱਡਾ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਉਨ੍ਹਾਂ ਦੀ ਪਾਰਟੀ ਨੂੰ, ‘ਸਾਡੇ ਸੁਰੱਖਿਆ ਬਲਾਂ ਦਾ ਵਾਰ ਵਾਰ ਅਪਮਾਨ ਅਤੇ ਉਨ੍ਹਾਂ ਦੀ ਬਹਾਦੁਰੀ ’ਤੇ ਸਵਾਲ ਨਹੀਂ ਉਠਾਉਣਾ ਚਾਹੀਦਾ।’
ਭਾਜਪਾ ਮੁਖੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਬਾਲਾਕੋਟ ਹਵਾਈ ਹਮਲੇ ਅਤੇ ਸਰਜੀਕਲ ਸਟ੍ਰਾਈਕ ਮਗਰੋਂ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਟਵੀਟ ਕੀਤਾ, ‘ਡਾ. ਮਨਮੋਹਨ ਸਿੰਘ ਉਸੇ ਪਾਰਟੀ ਤੋਂ ਆਉਂਦੇ ਹਨ, ਜਿਸਨੇ 43000 ਕਿਲੋਮੀਟਰ ਤੋਂ ਵਧ ਭਾਰਤੀ ਖੇਤਰ ਚੀਨ ਨੂੰ ਦਿੱਤਾ ਸੀ। ਉਨ੍ਹਾਂ ਦੀ ਸਰਕਾਰ ਸਮੇਂ ਬਿਨਾਂ ਸੰਘਰਸ਼ ਸਮਰਪਣ ਕੀਤਾ ਗਿਆ ਅਤੇ ਵਾਰ ਵਾਰ ਸੁਰੱਖਿਆ ਬਲਾਂ ਦਾ ਅਪਮਾਨ ਕੀਤਾ ਗਿਆ।’