ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤਰੀ ਪਾਰਟੀਆਂ ਵੱਲੋਂ ਕਾਂਗਰਸ ਨਾਲ ਮਿਲ ਕੇ ਮਹਾਂਗਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਹੈ ਕਿ ਸਮਾਜਵਾਦੀ ਚਿੰਤਕ ਰਾਮ ਮਨੋਹਰ ਲੋਹੀਆ ਵੀ ਇਹ ਜਾਣ ਕੇ ਦੁਖੀ ਹੋ ਜਾਣਗੇ ਕਿ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਣ ਵਾਲੀਆਂ ਜ਼ਿਆਦਾਤਰ ਪਾਰਟੀਆਂ ਨੇ ਝੂਠੇ ਵਾਅਦੇ ਕੀਤੇ ਸਨ। ਸ੍ਰੀ ਲੋਹੀਆ ਦੀ 109ਵੀਂ ਵਰ੍ਹੇਗੰਢ ਮੌਕੇ ਬਲੌਗ ’ਚ ਸ੍ਰੀ ਮੋਦੀ ਨੇ ਕਿਹਾ ਕਿ ਮੌਕਾਪ੍ਰਸਤ ਪਾਰਟੀਆਂ ‘ਮਹਾਂ-ਮਿਲਾਵਟ’ ਗੱਠਜੋੜ ਬਣਾਉਣ ਲਈ ਉਤਾਵਲੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਲੋਹੀਆ ਨੂੰ ‘ਫਖ਼ਰ’ ਹੋਵੇਗਾ ਕਿ ਭਾਜਪਾ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਉਨ੍ਹਾਂ ਦੇ ਵਿਚਾਰਾਂ ਦਾ ਪਾਲਣ ਕਰ ਰਹੀ ਹੈ। ਟਵਿੱਟਰ ’ਤੇ ਸਾਂਝੇ ਕੀਤੇ ਗਏ ਬਲੌਗ ’ਚ ਉਨ੍ਹਾਂ ਕਿਹਾ,‘‘ਡਾਕਟਰ ਲੋਹੀਆ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਖੇਤੀਬਾੜੀ ਨੂੰ ਆਧੁਨਿਕ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਬਾਰੇ ਲਿਖਿਆ ਅਤੇ ਐਨਡੀਏ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ, ਕ੍ਰਿਸ਼ੀ ਸਿੰਚਾਈ ਯੋਜਨਾ, ਈ-ਨਾਮ, ਭੂਮੀ ਸਿਹਤ ਕਾਰਡਾਂ ਆਦਿ ਨਾਲ ਅਜਿਹੇ ਢੁਕਵੇਂ ਕਦਮ ਉਠਾ ਰਹੀ ਹੈ।’’ ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਲੋਹੀਆ ਜਦੋਂ ਵੀ ਬੋਲਦੇ ਸਨ ਤਾਂ ਕਾਂਗਰਸ ਡਰ ਨਾਲ ਕੰਬਦੀ ਸੀ। ਉਨ੍ਹਾਂ ਇਕ ਵਾਰ ਦਾਅਵਾ ਕੀਤਾ ਸੀ ਕਿ ਕਾਂਗਰਸ ਸ਼ਾਸਨ ਦੌਰਾਨ ਨਾ ਤਾਂ ਖੇਤੀਬਾੜੀ ਅਤੇ ਸਨਅਤ ਅਤੇ ਨਾ ਹੀ ਫ਼ੌਜ ’ਚ ਕੋਈ ਸੁਧਾਰ ਆਇਆ। ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਲੋਹੀਆ ਨੂੰ ਧੋਖਾ ਦੇਣ ਵਾਲੇ ਦੇਸ਼ ਦੀ ਕਿਵੇਂ ਸੇਵਾ ਕਰ ਸਕਦੇ ਹਨ।
INDIA ਕਾਂਗਰਸ ਨਾਲ ਮਹਾਂਗਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਨਿੰਦਣਯੋਗ: ਮੋਦੀ