ਵਾਰਨਰ ਦੀ ਵਾਪਸੀ ਨਾਲ ਚਮਕੇਗੀ ਹੈਦਰਾਬਾਦ

ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਐਤਵਾਰ ਨੂੰ ਇੱਥੇ 12ਵੇਂ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ਵਿੱਚ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਸਾਰਿਆਂ ਦੀਆਂ ਨਜ਼ਰਾਂ ਵਾਪਸੀ ਕਰ ਰਹੇ ਡੇਵਿਡ ਵਾਰਨਰ ’ਤੇ ਲੱਗੀਆਂ ਹੋਣਗੀਆਂ। ਬੀਤੇ ਸਾਲ ਸਨਰਾਈਜ਼ਰਜ਼ ਫਾਈਨਲ ਤੱਕ ਪਹੁੰਚੀ ਸੀ। ਵਾਰਨਰ ਦੀ ਕਪਤਾਨੀ ਵਿਚ ਸਨਰਾਈਜ਼ਰਜ਼ ਨੇ ਆਪਣਾ ਇੱਕੋ-ਇੱਕ ਖ਼ਿਤਾਬ 2016 ਵਿੱਚ ਜਿੱਤਿਆ ਸੀ ਅਤੇ 2017 ਵਿੱਚ ਉਹ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ। ਆਸਟਰੇਲਿਆਈ ਸਲਾਮੀ ਬੱਲੇਬਾਜ਼ ਕੇਪਟਾਊਨ ਵਿੱਚ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਪਿਛਲੇ ਆਈਪੀਐਲ ਤੋਂ ਬਾਹਰ ਰਿਹਾ ਅਤੇ ਹੁਣ 12ਵੇਂ ਸੈਸ਼ਨ ਵਿੱਚ ਸਟੀਵ ਸਮਿੱਥ ਨਾਲ ਵਾਪਸੀ ਲਈ ਤਿਆਰ ਹੈ। ਵਾਰਨਰ ਅਤੇ ਸਮਿਥ ’ਤੇ ਇਸ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਲਗਾਈ ਸੀ, ਜਦੋਂਕਿ ਨੌਜਵਾਨ ਕੈਮਰੌਨ ਬੈਨਕਰੌਫਟ ’ਤੇ ਨੌ ਮਹੀਨੇ ਤੱਕ ਖੇਡਣ ਤੋਂ ਰੋਕ ਦਿੱਤਾ ਸੀ। ਵਾਰਨਰ ਅਤੇ ਸਮਿੱਥ ਦੋਵੇਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਆਪੋ-ਆਪਣੀਆਂ ਆਈਪੀਐਲ ਟੀਮਾਂ ਵਿੱਚ ਪ੍ਰਭਾਵ ਛੱਡਣ। ਹਾਲਾਂਕਿ ਉਸ ਦੀ ਪਾਬੰਦੀ 28 ਮਾਰਚ ਨੂੰ ਖ਼ਤਮ ਹੋਵੇਗੀ, ਪਰ ਖੱਬੇ ਹੱਥ ਦਾ ਇਹ ਸਲਾਮੀ ਬੱਲੇਬਾਜ਼ ਫਰੈਂਚਾਈਜ਼ੀ ਲੀਗ ਵਿੱਚ ਖੇਡ ਸਕਦਾ ਹੈ। ਵਾਰਨਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ਵਿੱਚ ਦਾਅਵਾ ਕਰਨ ਦੀ ਉਮੀਦ ਲਗਾਈ ਬੈਠਾ ਹੋਵੇਗਾ।

ਜਨਵਰੀ ਵਿੱਚ ਬੰਗਲਾਦੇਸ਼ ਪ੍ਰੀਮੀਅਰ ਲੀਗ ਦੌਰਾਨ ਕੂਹਣੀ ਦੀ ਸੱਟ ਲਈ ਸਰਜਰੀ ਕਰਵਾ ਚੁੱਕੇ ਵਾਰਨਰ ਨੇ ਸਿਡਨੀ ਕਲੱਬ ਰੈਂਡੀ ਪੀਟਸ ਲਈ ਸ਼ਾਨਦਾਰ ਵਾਪਸੀ ਕਰਦਿਆਂ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਰੋਜ਼ਾ ਮੈਚ ਵਿੱਚ 77 ਗੇਂਦਾਂ ਵਿੱਚ ਸੈਂਕੜਾ ਮਾਰਿਆ ਸੀ। ਵਾਰਨਰ ਦੀ ਗੈਰ ਮੌਜੂਦਗੀ ਵਿੱਚ ਪਿਛਲੇ ਸੈਸ਼ਨ ਵਿੱਚ ਟੀਮ ਦੀ ਅਗਵਾਈ ਕਰਕੇ ਉਪ ਜੇਤੂ ਬਣਾਉਣ ਵਾਲਾ ਕੇਨ ਵਿਲੀਅਮਸਨ ਸਨਰਾਈਜ਼ਰਜ਼ ਦਾ ਕਪਤਾਨ ਬਣਿਆ ਰਹੇਗਾ। ਭੁਵਨੇਸ਼ਵਰ ਕੁਮਾਰ ਤੇਜ਼ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਕਰੇਗਾ, ਜਦਕਿ ਅਫ਼ਗਾਨਿਸਤਾਨ ਦਾ ਰਾਸ਼ਿਦ ਖ਼ਾਨ ਸਪਿੰਨ ਹਮਲੇ ਦੀ ਚੁਣੌਤੀ ਦੇਵੇਗਾ। ਸਨਰਾਈਜ਼ਰਜ਼ ਨੇ ਸ਼ਿਖਰ ਧਵਨ ਦੀ ਥਾਂ ਵਿਜੈ ਸ਼ੰਕਰ, ਸ਼ਾਹਬਾਜ਼ ਨਦੀਮ ਅਤੇ ਅਭਿਸ਼ੇਕ ਸ਼ਰਮਾ ਨੂੰ ਸ਼ਾਮਲ ਕੀਤਾ ਹੈ, ਪਰ ਵੇਖਣਾ ਹੋਵੇਗਾ ਕਿ ਉਹ ਭਾਰਤੀ ਸਲਾਮੀ ਬੱਲੇਬਾਜ਼ ਦੇ ਜਾਣ ਨਾਲ ਕਿਵੇਂ ਉਭਰ ਪਾਉਂਦੇ ਹਨ। ਕੇਕੇਆਰ ਦੀ ਟੀਮ ਵਿੱਚ ਕਪਤਾਨ ਦਿਨੇਸ਼ ਕਾਰਤਿਕ ਆਈਪੀਐਲ ਦੇ ਮੌਕੇ ਦਾ ਫ਼ਾਇਦਾ ਉਠਾ ਕੇ ਚੋਣਕਾਰਾਂ ਨੂੰ ਖਿੱਚਣਾ ਚਾਹੇਗਾ। ਗੌਤਮ ਗੰਭੀਰ ਦੇ ਜਾਣ ਮਗਰੋਂ ਕਾਰਤਿਕ ਨੇ ਕੇਕੇਆਰ ਦੀ ਅਗਵਾਈ ਕੀਤੀ ਹੈ ਅਤੇ ਟੀਮ ਪਿਛਲੇ ਸਾਲ ਦੂਜੇ ਐਲੀਮੀਨੇਟਰ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਤੀਜੇ ਸਥਾਨ ’ਤੇ ਰਹੀ।

Previous articleਕਾਂਗਰਸ ਨਾਲ ਮਹਾਂਗਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਨਿੰਦਣਯੋਗ: ਮੋਦੀ
Next articleਮੁੰਬਈ ਤੇ ਦਿੱਲੀ ਵਿਚਾਲੇ ਟੱਕਰ ਅੱਜ