ਕਾਂਗਰਸ ਦੀ ਵੋਟ ਭਗਤੀ ਤੇ ਸਾਡੀ ਦੇਸ਼ ਭਗਤੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਹੱਲਾ ਬੋਲਦਿਆਂ ਕਿਹਾ ਕਿ ਕਾਂਗਰਸ ਲਈ ਕੌਮੀ ਹਿੱਤਾਂ ਨਾਲੋਂ ਵੋਟ ਬੈਂਕ ਦੀ ਸਿਆਸਤ ਵੱਧ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਝੁੂਠ ਪ੍ਰਚਾਰਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਵਿੱਤੀ ਤੌਰ ’ਤੇ ਕਮਜ਼ੋਰ ਵਰਗ ਨੂੰ ਜੋ ਦਸ ਫੀਸਦ ਰਾਖਵਾਂਕਰਨ ਦਿੱਤਾ ਹੈ ਉਸ ਨਾਲ ਕੋਟਾ ਸਿਸਟਮ ਹੌਲੀ ਹੌਲੀ ਖਤਮ ਹੋ ਜਾਵੇਗਾ। ਕਿਸਾਨਾਂ ਤੱਕ ਆਪਣੀ ਪਹੁੰਚ ਬਣਾਉਣ ਲਈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਮੁੜ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਨਿਧੀ ਯੋਜਨਾ ਤਹਿਤ ਸਾਰੇ ਕਿਸਾਨਾਂ ਨੂੰ ਲਾਭ ਦਿੱਤਾ ਜਾਵੇਗਾ। ਸ੍ਰੀ ਮੋਦੀ ਨੇ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਦੇਸ਼ ਨੇ ਦੋ ਤਰ੍ਹਾਂ ਦੀ ਸਿਆਸਤ ਦੇਖੀ ਹੈ। ਵੋਟ ਭਗਤੀ ਤੇ ਦੇਸ਼ ਭਗਤੀ। ਵੋਟ ਭਗਤੀ ਉਸ ਸਮੇਂ ਦਿਖਾਈ ਦਿੱਤੀ ਸੀ ਜਦੋਂ 26/11 ਨੂੰ ਮੁੰਬਈ ’ਚ ਦਹਿਸ਼ਤੀ ਹਮਲਾ ਹੋਇਆ ਤੇ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ। ਦੇਸ਼ ਭਗਤੀ ਅਸੀਂ ਦਿਖਾਈ ਸੀ ਜਦੋਂ ਉੜੀ ਹਮਲੇ ਮਗਰੋਂ ਸਰਜੀਕਲ ਸਟ੍ਰਾਈਕ ਕੀਤੀ ਤੇ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ’ਚ ਹਵਾਈ ਹਮਲੇ ਕੀਤੇ।’ ਉਨ੍ਹਾਂ ਕਿਹਾ ਕਿ ਵੋਟ ਭਗਤੀ ਇੱਕ ਵਾਰ ਫਿਰ ਸਾਹਮਣੇ ਆਈ ਜਦੋਂ ਕਾਂਗਰਸ ਨੇ ਬਾਟਲਾ ਹਾਊਸ ਮੁਕਾਬਲੇ ’ਤੇ ਸ਼ੱਕ ਕਰਕੇ ਇਸ ਦੇ ਸ਼ਹੀਦਾਂ ਜਵਾਨਾਂ ਦੀ ਬੇਇੱਜ਼ਤੀ ਕੀਤੀ। ਉਨ੍ਹਾਂ ਲਾਲੂ ਪ੍ਰਸਾਦ ਯਾਦਵ ਤੇ ਉਸ ਦੇ ਪੁੱਤਰ ਤੇਜਸਵੀ ਯਾਦਵ ਦਾ ਨਾਂ ਲਏ ਬਿਨਾਂ ਕਿਹਾ ਕਿ ਬਿਹਾਰ ’ਚ ਕੁਝ ਲੋਕ ਝੂਠ ਫੈਲਾ ਰਹੇ ਹਨ ਕਿ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਰਾਖਵਾਂਕਰਨ ਦੇਣਾ ਕੋਟਾ ਸਿਸਟਮ ਨੂੰ ਖਤਮ ਕਰਨ ਦੀ ਸ਼ੁਰੂਆਤ ਹੈ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ। ਬੁਨਿਆਦਪੁਰ ’ਚ ਤ੍ਰਿਣਾਮੂਲ ਕਾਂਗਰਸ ਦੀ ਸੁਪਰੀਮੋ ’ਤੇ ਵਰ੍ਹਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ’ਚ ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਦੋ ਗੇੜਾਂ ਤੋਂ ਬਾਅਦ ‘ਸਪੀਡਬਰੇਕਰ ਦੀਦੀ’ ਦੀ ਨੀਂਦ ਉਡ ਗਈ ਹੈ। ਦੱਖਣੀ ਦਿਨਾਜਪੁਰ ਜ਼ਿਲ੍ਹੇ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਮਮਤਾ ’ਤੇ ‘ਮਾਂ, ਮਾਟੀ ਅਤੇ ਮਾਨੁਸ਼’ ਦੇ ਨਾਂ ’ਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਦੋਸ਼ ਲਗਾਇਆ। ਮੋਦੀ ਨੇ ਕਿਹਾ, ‘ਰਾਜ ’ਚ ਪਹਿਲੇ ਤੇ ਦੂਜੇ ਗੇੜ ਦੀਆਂ ਵੋਟਾਂ ਤੋਂ ਬਾਅਦ ਆਈਆਂ ਖ਼ਬਰਾਂ ਮਗਰੋਂ ਸਪੀਡਬਰੇਕਰ ਦੀਦੀ ਦੀ ਨੀਂਦ ਉਡ ਗਈ ਹੈ।’ ਉਨ੍ਹਾਂ ਗੁਆਂਢੀ ਮੁਲਕ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਸੂਬੇ ਵਿੱਚ ਤ੍ਰਿਣਾਮੂਲ ਕਾਂਗਰਸ ਦੇ ਪੱਖ ’ਚ ਚੋਣ ਪ੍ਰਚਾਰ ਕਰਨ ਦੇਣ ਲਈ ਮਮਤਾ ਬੈਨਰਜੀ ਦੀ ਆਲੋਚਨਾ ਕੀਤੀ। ਬੰਗਲਾਦੇਸ਼ੀ ਅਦਾਕਾਰ ਫਿਰਦੌਸ ਵੱਲੋਂ ਤ੍ਰਿਣਾਮੂਲ ਕਾਂਗਰਸ ਦੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਨ ਦੀ ਘਟਨਾ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਇਹ ਸ਼ਰਮਨਾਕ ਹੈ ਕਿ ਗੁਆਂਢੀ ਦੇਸ਼ ਦੇ ਲੋਕ ਤ੍ਰਿਣਾਮੂਲ ਕਾਂਗਰਸ ਲਈ ਪ੍ਰਚਾਰ ਕਰ ਰਹੇ ਹਨ।’ ਪਾਕਿਸਤਾਨ ਦੇ ਬਾਲਾਕੋਟ ’ਚ ਹੋਏ ਹਵਾਈ ਹਮਲਿਆਂ ਦੇ ਸਬੂਤ ਮੰਗਣ ਨੂੰ ਲੈ ਕੇ ਮੋਦੀ ਨੇ ਮਮਤਾ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਹ ਹਵਾਈ ਹਮਲੇ ਦੇ ਸਬੂਤ ਮੰਗਣ ਦੀ ਥਾਂ ਚਿਟਫੰਡ ਘੁਟਾਲੇ ’ਚ ਸ਼ਾਮਲ ਲੋਕਾਂ ਖ਼ਿਲਾਫ਼ ਸਬੂਤ ਇਕੱਠੇ ਕਰਨ।

Previous articleਮੋਦੀ ਬਾਰੇ ਵੈੱਬ ਸੀਰੀਜ਼ ਰੋਕਣ ਦੇ ਹੁਕਮ
Next articleਐਨਆਈਏ ਦੀ ਹਿਰਾਸਤ ਖ਼ਿਲਾਫ਼ ਯਾਸੀਨ ਮਲਿਕ ਵੱਲੋਂ ਭੁੱਖ ਹੜਤਾਲ