ਚੰਡੀਗੜ੍ਹ ,ਸਮਾਜ ਵੀਕਲੀ: ਪੰਜਾਬ ਕਾਂਗਰਸ ਅੰਦਰ ਛਿੜੇ ਗ੍ਰਹਿ ਯੁੱਧ ਦੌਰਾਨ ਦੋਵਾਂ ਧਿਰਾਂ ਦੀਆਂ ਨਜ਼ਰਾਂ ਹੁਣ ਪਾਰਟੀ ਹਾਈ ਕਮਾਨ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ’ਤੇ ਟਿਕੀਆਂ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕੁਝ ਦਿਨਾਂ ਦੀ ਮੋਹਲਤ ਮੰਗਣ ਤੋਂ ਬਾਅਦ ਮੁੱਖ ਮੰਤਰੀ ਦੇ ਵਿਰੋਧੀ ਧੜੇ ’ਚ ਸ਼ਾਮਲ ਮੰਤਰੀਆਂ ਤੇ ਵਿਧਾਇਕਾਂ ਨੇ ਜਨਤਕ ਤੌਰ ’ਤੇ ਗਤੀਵਿਧੀਆਂ ਮੁਲਤਵੀ ਕਰ ਦਿੱਤੀਆਂ ਹਨ, ਪਰ ਨਵਜੋਤ ਸਿੰਘ ਸਿੱਧੂ ਦੇ ਤਿੱਖੇ ਸ਼ਬਦੀ ਹਮਲੇ ਜਾਰੀ ਹਨ। ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ’ਚ ਮਹਿਜ਼ 7 ਕੁ ਮਹੀਨਿਆਂ ਦਾ ਸਮਾਂ ਬਾਕੀ ਰਹਿਣ ਕਾਰਨ ਕਾਂਗਰਸ ਹਾਈ ਕਮਾਨ ਲਈ ਤਾਜ਼ਾ ਸਥਿਤੀ ਵੱਡੀ ਚੁਣੌਤੀ ਹੈ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਪੰਜਾਬ ਕਾਂਗਰਸ ਦੇ ਧੜਿਆਂ ਦੀ ਲੜਾਈ ’ਚ ਰਾਹੁਲ ਗਾਂਧੀ ਵੱਲੋਂ ਸਿੱਧਾ ਦਖ਼ਲ ਦੇਣ ਦੀ ਉਮੀਦ ਹੈ।
ਇਸ ਮੌਕੇ ਕੈਪਟਨ ਵਿਰੋਧੀ ਧੜੇ ਨਾਲ ਸਬੰਧਤ ਇੱਕ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਜਿਸ ਢੰਗ ਨਾਲ ਧਮਕੀਆਂ ਅਤੇ ਕਾਰਵਾਈਆਂ ਦੇ ਡਰਾਵੇ ਦਿੱਤੇ ਜਾ ਰਹੇ ਹਨ, ਉਸ ਨੇ ਸਮਝੌਤੇ ਦੀਆਂ ਸੰਭਾਵਨਾਵਾਂ ਖ਼ਤਮ ਕਰ ਦਿੱਤੀਆਂ ਹਨ। ਉੱਧਰ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਆਪਣਾ ਧੂੰਆਂਧਾਰ ਪ੍ਰਚਾਰ ਜਾਰੀ ਰੱਖਦਿਆਂ ਮੁੱਖ ਮੰਤਰੀ ’ਤੇ ਮੁੜ ਨਿਸ਼ਾਨਾ ਸਾਧਿਆ ਹੈ। ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਆਪਸੀ ਲੜਾਈ ਅਤੇ 2017 ਵਿੱਚ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ ਹੋਈ ਹੈ। ਇਸ ਲਈ ਆਉਣ ਵਾਲਾ ਸਮਾਂ ਜ਼ਿਆਦਾ ਚੁਣੌਤੀਆਂ ਭਰਿਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ’ਤੇ ਕਾਰਵਾਈ ਨਾ ਹੋਣ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਤੇ ਮਾਫ਼ੀਆ ਵਿਰੁੱਧ ਕਾਰਵਾਈ ਨਾ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਕਸ ਵੀ 2017 ਵਾਲਾ ਨਹੀਂ ਰਿਹਾ, ਇਸ ਲਈ ਪਾਰਟੀ ਨੂੰ ਸੋਚਣਾ ਪਵੇਗਾ।
ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਹਾਈ ਕਮਾਨ ਖ਼ਾਸ ਕਰਕੇ ਗਾਂਧੀ ਪਰਿਵਾਰ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਸੰਤੁਲਨ ਬਣਾ ਕੇ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਗਾਂਧੀ ਪਰਿਵਾਰ ਵੱਲੋਂ ਨਵਜੋਤ ਸਿੱਧੂ ਦੀ ਬਹਾਲੀ ਲਈ ਹਰੀਸ਼ ਰਾਵਤ ਰਾਹੀਂ ਯਤਨ ਤਾਂ ਕੀਤੇ ਗਏ ਪਰ ਦੋਵਾਂ ਦੀ ਅੜੀ ਕਾਰਨ ਇਹ ਕੋਸ਼ਿਸ਼ਾਂ ਸਫ਼ਲ ਨਾ ਹੋ ਸਕੀਆਂ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਤੇ ਉਪ ਮੁੱਖ ਮੰਤਰੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਨਹੀਂ ਦਿੱਤੀ। ਇੱਥੋਂ ਤੱਕ ਕਿ ਮੁੱਖ ਮੰਤਰੀ ਵੱਲੋਂ ਨਵਜੋਤ ਸਿੱਧੂ ਲਈ ਸਾਰੇ ਦਰਵਾਜ਼ੇ ਬੰਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਟਵਿੱਟਰ ਅਤੇ ਫੇਸਬੁੱਕ ਰਾਹੀਂ ਮੋਰਚਾ ਖੋਲ੍ਹਿਆ ਹੋਇਆ ਹੈ।
ਮੁੱਖ ਮੰਤਰੀ ਦੇ ਧੜੇ ਵੱਲੋਂ ਸਿੱਧੂ ਦੇ ਕੁਝ ਹਮਾਇਤੀਆਂ ਖ਼ਿਲਾਫ਼ ਵਿਜੀਲੈਂਸ ਮਾਮਲਿਆਂ ਦਾ ਡਰਾਵਾ ਦੇ ਕੇ ਜ਼ੁਬਾਨ ਬੰਦੀ ਦੇ ਯਤਨ ਕੀਤੇ ਗਏ। ਸਿੱਧੂ ਧੜੇ ਨਾਲ ਸਬੰਧਤ ਇੱਕ ਵਿਧਾਇਕ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਲੜਾਈ ਦਿਨ ਪ੍ਰਤੀ ਦਿਨ ਤਿੱਖੀ ਹੁੰਦੀ ਜਾ ਰਹੀ ਹੈ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਭਵਿੱਖ ਵਿੱਚ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਦੇ ਇੱਕ ਮੰਚ ’ਤੇ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਵਿਧਾਇਕ ਪਰਗਟ ਸਿੰਘ ਵੱਲੋਂ ਜਨਤਕ ਤੌਰ ’ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸਿੰਘ ’ਤੇ ਧਮਕੀ ਦੇਣ ਦਾ ਦੋਸ਼ ਲਾਉਣ ਤੋਂ ਬਾਅਦ ਮੁੱਖ ਮੰਤਰੀ ਦਾ ਧੜਾ ਵੀ ਬਚਾਅ ਦੀ ਸਥਿਤੀ ਵਿੱਚ ਆ ਗਿਆ ਹੈ। ਮੁੱਖ ਮੰਤਰੀ ਲਈ ਰਾਹਤ ਵਾਲੀ ਗੱਲ ਇਹੀ ਹੈ ਕਿ ਬਾਗੀਆਂ ਦਾ ਕਾਫ਼ਲਾ ਜ਼ਿਆਦਾ ਵੱਡਾ ਨਹੀਂ ਹੋਇਆ। ਵਿਧਾਇਕ ਪਰਗਟ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਵੀ ਗਿਣਤੀ ਪਹਿਲਾਂ ਜਿੰਨੀ ਹੀ ਹੈ।
ਪ੍ਰਿਯੰਕਾ ਨੇ ਫੋਨ ’ਤੇ ਕੀਤੀ ਕੈਪਟਨ ਨਾਲ ਗੱਲ
ਕਾਂਗਰਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਨਵਜੋਤ ਸਿੱਧੂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਸਮੇਤ ਵਿਧਾਇਕਾਂ ਤੇ ਮੰਤਰੀਆਂ ਨੂੰ ਧਮਕਾਉਣ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਕਾਂਗਰਸ ਦੇ ਕਲਚਰ ਦਾ ਹਿੱਸਾ ਨਹੀਂ ਤੇ ਅਜਿਹੀਆਂ ਗਤੀਵਿਧੀਆਂ ਨਹੀਂ ਹੋਣੀਆਂ ਚਾਹੀਦੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly