ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਖੇਤੀ ਕਰਜ਼ਾ ਮੁਆਫ਼ੀ ਨੂੰ ਇਕ ਹੱਥਕੰਡੇ ਵਜੋਂ ਵਰਤਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਮੁਆਫ਼ ਕੀਤੇ ਗਏ ਕਰਜ਼ਿਆਂ ਦਾ ਸਿਰਫ਼ ਵਿਚੋਲਿਆਂ ਅਤੇ ਗਿਣੇ-ਚੁਣੇ ਕਿਸਾਨਾਂ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ 70-80 ਫ਼ੀਸਦੀ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਯੋਜਨਾ ਤੋਂ ਵਾਂਝੇ ਰੱਖਿਆ ਹੈ। ਕਾਂਗਰਸ ਵੱਲੋਂ ਕਿਸਾਨਾਂ ਨਾਲ ਕੀਤੇ ਕਰਜ਼ਾ ਮੁਆਫ਼ੀ ਦੇ ਵਾਅਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਸਥਾਈ ਹੱਲ ਨਹੀਂ ਹੈ, ਬਲਕਿ ਇਹ ਤਾਂ ਕਾਂਗਰਸ ਨੇ ਸਿਰਫ਼ ਚੋਣਾਂ ਜਿੱਤਣ ਲਈ ਕੀਤਾ ਹੈ। ਉਹ ਵਿਜੈ ਨਗਰ ਵਿੱਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ 6000 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ਵਿੱਚ ਵਿਜੈਪੁਰ ਵਿੱਚ ਬਣਨ ਵਾਲੇ ਏਮਜ਼, ਚਨਾਬ ਦਰਿਆ ਉੱਤੇ ਪੁਲ, ਦੇਵਿਕਾ ਤੇ ਤਵੀ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਪ੍ਰਾਜੈਕਟ, ਕਠੂਆ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨਿਕੇਸ਼ਨ ਦੇ ਉੱਤਰੀ ਖੇਤਰ ਕੇਂਦਰ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਤੇ ਟੈਕਨੋਲੋਜੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਮਾਮਲੇ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਇਸ ਲਾਂਘੇ ਦਾ ਨੀਂਹ ਪੱਥਰ ਪਿਛਲੇ ਸਾਲ ਰੱਖਿਆ ਗਿਆ ਸੀ। ਇਹ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਇਸ ਲਾਂਘੇ ਰਾਹੀਂ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਉਨ੍ਹਾਂ ਨੂੰ ਸਿਰਫ਼ ਇਕ ਪਰਮਿਟ ਲੈਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਗੈਰ ਮੁਸਲਿਮ ਲੋਕ ਜਿਹੜੇ 31 ਦਸੰਬਰ, 2014 ਤੋਂ ਪਹਿਲਾਂ ਭਾਰਤ ਆ ਗਏ ਸਨ, ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਸਰਕਾਰ ਵੱਲੋਂ ਨਾਗਰਿਕਤਾ ਬਿੱਲ ਲਿਆਂਦਾ ਗਿਆ ਹੈ। ਕਸ਼ਮੀਰੀ ਪੰਡਿਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਭਾਈਚਾਰੇ ਨੂੰ ਇੱਜ਼ਤ-ਮਾਣ ਦਿਵਾਉਣ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੰਟਰੋਲ ਰੇਖਾ ਨੂੰ ਲੰਘ ਕੇ ਕੀਤੇ ਗਏ ਸਰਜੀਕਲ ਸਟਰਾਈਕ ਰਾਹੀਂ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਨਵੀਂ ਨੀਤੀ ਤੇ ਰੀਤੀ ਸਾਰੇ ਵਿਸ਼ਵ ਨੂੰ ਦਿਖਾ ਦਿੱਤੀ ਗਈ ਹੈ। ਉਨ੍ਹਾਂ ਅਤਿਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਨਾਜ਼ਿਰ ਅਹਿਮਦ ਵਾਣੀ ਅਤੇ ਔਰੰਗਜ਼ੇਬ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਅਤੇ ਇੱਥੋਂ ਦੇ ਲੋਕਾਂ ਦਾ ਵਿਕਾਸ ਹੀ ਕੇਂਦਰ ਸਰਕਾਰ ਦਾ ਟੀਚਾ ਹੈ।