ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਰਾਖਵੇਂਕਰਨ ਬਾਰੇ ਦਿੱਤੇ ਬਿਆਨ ’ਤੇ ਸਿਆਸਤ ਭਖ ਗਈ ਹੈ। ਕਾਂਗਰਸ ਅਤੇ ਬਸਪਾ ਮੁਖੀ ਮਾਇਆਵਤੀ ਨੇ ਭਾਗਵਤ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਆਰਐੱਸਐੱਸ-ਭਾਜਪਾ ਦਾ ਦਲਿਤ ਅਤੇ ਪੱਛੜੇ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਗਰੀਬਾਂ, ਦਲਿਤਾਂ ਅਤੇ ਪੱਛੜਿਆਂ ਦੇ ਹੱਕਾਂ ’ਤੇ ਹਮਲੇ ਹੀ ਭਾਜਪਾ ਦਾ ਅਸਲ ਏਜੰਡਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਰਾਖਵਾਂਕਰਨ ਖ਼ਤਮ ਕਰਨ ਅਤੇ ਸੰਵਿਧਾਨ ’ਚ ਬਦਲਾਅ ਦੀ ਨੀਤੀ ਸਬੰਧੀ ਸਾਜ਼ਿਸ਼ ਦਾ ਪਰਦਾਫ਼ਾਸ਼ ਹੋ ਗਿਆ ਹੈ। ਉਧਰ ਲਖਨਊ ’ਚ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਆਰਐੱਸਐੱਸ ਰਾਖਵਾਂਕਰਨ ਵਿਰੋਧੀ ਵਿਚਾਰਧਾਰਾ ਛੱਡੇ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਸੰਵਿਧਾਨਕ ਵਿਵਸਥਾ ਤਹਿਤ ਦਿੱਤਾ ਗਿਆ ਹੈ ਅਤੇ ਇਸ ਨੂੰ ਖ਼ਤਮ ਕਰਨ ਨਾਲ ਬੇਇਨਸਾਫ਼ੀ ਹੋਵੇਗੀ। ਜ਼ਿਕਰਯੋਗ ਹੈ ਕਿ ਸ੍ਰੀ ਭਾਗਵਤ ਨੇ ਰਾਖਵੇਂਕਰਨ ਬਾਰੇ ਸਦਭਾਵਨਾ ਦੇ ਮਾਹੌਲ ’ਚ ਬਹਿਸ ਕਰਨ ਦਾ ਸੱਦਾ ਦਿੱਤਾ ਸੀ। ਮਾਇਆਵਤੀ ਨੇ ਕਿਹਾ ਕਿ ਅਜਿਹੀ ਬਹਿਸ ਨਾਲ ਖ਼ਤਰਨਾਕ ਹਾਲਾਤ ਬਣਨਗੇ ਜਿਨ੍ਹਾਂ ਦੀ ਕੋਈ ਲੋੜ ਨਹੀਂ ਹੈ।
INDIA ਕਾਂਗਰਸ ਅਤੇ ਮਾਇਆਵਤੀ ਵੱਲੋਂ ਭਾਗਵਤ ਦੇ ਰਾਖਵੇਂਕਰਨ ਬਾਰੇ ਬਿਆਨ ਦੀ ਨਿੰਦਾ