ਕਸੁੰਭਾ ਰੰਗ ਛੱਡ ਮਜੀਠ ਰੰਗ ਅਪਣਾਈਏ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਹੋਲੀ ਦਾ ਤਿਉਹਾਰ ਸਾਲ ਵਿੱਚ ਇੱਕ ਵਾਰ ਆਉਂਦਾ ਹੈ। ਅਸੀਂ ਹੋਲੀ ਤੇ ਰੰਗਾਂ ਨਾਲ ਹੱਸਦੇ ਖੇਡਦੇ ਖ਼ੁਸ਼ੀਆਂ ਮਨਾਉਂਦੇ ਹਾਂ। ਹੋਲੀ ਦਾ ਤਿਉਹਾਰ ਭਾਈਚਾਰਕ ਸਾਂਝ ਦਾ ਪ੍ਤੀਕ ਹੈ। ਕਿੰਨਾਂ ਚੰਗਾ ਹੋਵੇ ਹੋਲੀ ਚਿਰ ਸਥਾਈ ਹੋਵੇ , ਅਨਦਿਨ ਜੀਵਨ ਭਰ ਚੱਲੇ। ਸਾਡੀ ਜਿੰਦਗੀ ਬਹੁਤ ਰੰਗਾਂ ਵਾਲੀ ਹੈ। ਰੰਗ ਹੱਸਦੇ , ਰੋਂਦੇ , ਗਾਉਂਦੇ , ਚੁੱਪ ਕਰ ਜਾਂਦੇ ਮਹਿਸੂਸ ਕੀਤੇ ਜਾ ਸਕਦੇ ਹਨ। ਸਵਾਰਥ ਦੀ ਦੁਨੀਆਂ ਅੰਦਰ ਚਿਹਰੇ ਦੇ ਰੰਗ ਪਲ ਪਲ ਬਦਲਦੇ ਵੇਖੇ ਜਾ ਸਕਦੇ ਹਨ। ਰੁਪਇਆਂ ਦੀ ਦੌੜ ਵਿੱਚ ਰਿਸ਼ਤਿਆਂ ਦੇ ਰੰਗ ਬਦਲ ਰਹੇ ਹਨ। ਕਲਯੁਗ ਦੇ ਪ੍ਰਭਾਵ ਅੰਦਰ ਕਸੁੰਭੇ ਰੰਗ ਜਿਹੇ ਕੱਚੇ ਰੰਗਾਂ ਦਾ ਕੂੜ ਮਖੌਟਾ ਲਗਾ ਕੇ ਅਸੀਂ ਸਮਾਜ ਅੰਦਰ ਵਿਚਰ ਰਹੇ ਹਾਂ।

ਔਗੁਣਾਂ ਦੇ ਰੰਗਾਂ ਦੀ ਦਲਦਲ ਵਿੱਚ ਅਸੀਂ ਧਸਦੇ ਜਾ ਰਹੇ ਹਾਂ। ਈਰਖਾ , ਨਫ਼ਰਤ , ਹਉਮੈ ਅਹੰਕਾਰ ਦੇ ਰੰਗਾਂ ਵਿੱਚ ਉਲਝ ਕੇ ਅਸੀਂ ਪਰਿਵਾਰਕ ਤੇ ਸਮਾਜਿਕ ਮਿਠਾਸ ਤੋਂ ਦੂਰ ਹੋ ਰਹੇ ਹਾਂ। ਝੂਠ ਦੇ ਰੰਗਾਂ ਵਿੱਚੋਂ ਖ਼ੁਸ਼ੀ ਲੱਭਣਾ ਪਾਣੀ ਰਿੜਕਣ ਵਾਂਗ ਹੈ। ਮਨੁੱਖਾ ਜਨਮ ਬਹੁਤ ਦੁਰਲੱਭ ਤੇ ਰੰਗਾਂ ਵਾਲਾ ਹੈ , ਖ਼ੁਸ਼ੀਆਂ ਤੇ ਅਨੰਦ ਦਾ ਅਮੋਲਕ ਖਜ਼ਾਨਾਂ ਹੈ ਪਰ ਅਸੀਂ ਇਸ ਅੰਦਰ ਕਾਮ ,ਕ੍ਰੋਧ, ਲੋਭ , ਮੋਹ , ਅਹੰਕਾਰ, ਈਰਖਾ , ਨਿੰਦਿਆ, ਚੁਗਲੀ , ਦੁਬਿਧਾ ਆਦਿ ਸੂਲਾਂ ਉਗਾ ਕੇ ਔਗੁਣਾਂ ਦੇ ਰੰਗਾਂ ਵਿੱਚ ਦੁੱਖ ਭੋਗ ਰਹੇ ਹਾਂ। ਹੋਲੀ ਨੂੰ ਚਿਰ ਸਥਾਈ, ਖ਼ੁਸ਼ੀਆਂ ਭਰਪੂਰ ਤੇ ਅਨੰਦਮਈ ਬਣਾਉਣ ਲਈ ਸ਼ੁਭ ਗੁਣਾਂ ਨੂੰ ਅਪਣਾਈਏ। ਕਦੇ ਵੀ ਕਿਸੇ ਨੂੰ ਮੰਦਾ ਨਾ ਬੋਲੀਏ , ਹਮੇਸ਼ਾ ਪਿਆਰ ਭਰੇ ਮਿੱਠੇ ਬੋਲਾਂ ਦੇ ਰੰਗ ਇੱਕ ਦੂਜੇ ਨੂੰ ਲਗਾਈਏ।

ਕੱਚੇ ਰੰਗਾਂ ਦਾ ਕੂੜ ਮਖੌਟਾ ਚਿਹਰੇ ਤੋਂ ਉਤਾਰ ਕੇ ਹਿਰਦੇ ਵਿੱਚ ਪਿਆਰ ਦੀ ਸੱਚੀ ਜੋਤ ਜਗਾਈਏ। ਈਰਖਾ , ਨਫ਼ਰਤ ,ਦਵੈਤ ਆਦਿ ਔਗੁਣਾਂ ਨੂੰ ਛੱਡ ਕੇ ਸਾਂਝ ਪਿਆਰ ਦੇ ਰੰਗਾਂ ਦੀਆਂ ਮੋਹ ਤੰਦਾਂ ਪਾਈਏ। ਮੇਰ ਤੇਰ ਤੋਂ ਉੱਪਰ ਉੱਠ ਕੇ ਖ਼ੁਸ਼ੀਆਂ ਬੀਜੀਏ , ਖ਼ੁਸ਼ੀਆਂ ਵੰਡੀਏ ਤੇ ਖ਼ੁਸ਼ੀਆਂ ਮਨਾਈਏ। ਔਗੁਣਾਂ ਦੇ ਰੰਗਾਂ ਤਿਆਗ ਕੇ ਮਨ ਦੀ ਖ਼ਾਰੀ ਨੂੰ ਰੱਬੀ ਗੁਣਾਂ ਨਾਲ ਭਰ ਲਈਏ। ਜੀਵਨ ਅੰਦਰ ਮਾਇਆ ਦੀ ਛਾਇਆ ਕਸੁੰਭੇ ਜਿਹੇ ਕੱਚੇ ਰੰਗਾਂ ਜੋ ਧੁੱਪ ਲੱਗਣ ਤੇ ਇੱਕੋ ਵਾਰ ਪਾਣੀ ਲੱਗਣ ਤੇ ਫਿੱਕੇ ਪੈ ਜਾਣ ਦੀ ਥਾਂ ਪੱਕਾ ਸਥਾਈ ਪਿਆਰ ਦਾ ਮਜੀਠ ਰੰਗ ਅਪਣਾਈਏ ਤਾਂ ਕਿ ਜੀਵਨ ਅਮੋਲਕ ਖ਼ੁਸ਼ੀਆਂ ਨਾਲ ਭਰ ਜਾਵੇ। ਗੁਰਬਾਣੀ ਅੰਦਰ ਕਸੁੰਭਾ ਰੰਗ ਮਾਇਆ ਨੂੰ ਵੀ ਕਿਹਾ ਗਿਆ ਹੈ ——

ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ।।
ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ।।
( ਅੰਗ ੮੫ )

ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ।।
( ਅੰਗ ੮੦੯ )

ਗੁਰਬਾਣੀ ਅੰਦਰ ਮਜੀਠ ਰੰਗ ਸੱਚਾ , ਪੱਕਾ ਤੇ ਪਿਆਰ ਦਾ ਪ੍ਰਤੀਕ ਹੈ —–

ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ।।
( ਅੰਗ ੫੪ )

ਰੱਬੀ ਰੰਗ ਵਿੱਚ ਰੱਤੇ ਗੁਰਮੁਖਾਂ ਨੂੰ ਅਜਿਹਾ ਸੱਚਾ ਰੰਗ ਚੜ੍ਹ ਜਾਂਦਾ ਹੈ ਜੋ ਕਦੀ ਨਹੀਂ ਲਹਿੰਦਾ ਤੇ ਨਾ ਹੀ ਕੋਈ ਹੋਰ ਰੰਗ ਚੜ੍ਹਦਾ ——

ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ।।
ਜਿਉ ਮਾਜੀਠੇ ਕਪੜੇ ਰੰਗੇ ਭੀ ਪਾਹੇਹਿ।।
ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ।।
( ਅੰਗ ੬੪੪ )

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਮਜੀਠ ਰੰਗ ਦਾ ਜਿਕਰ ਆਉਂਦਾ ਹੈ ਕਿ ਮਜੀਠ ਰੰਗ ਦਾ ਸੁਭਾਅ ਬਹੁਤ ਚੰਗਾ ਹੈ , ਇਹ ਆਪ ਅੱਗ ਦਾ ਸੇਕ ਸਹਾਰਦਾ ਹੈ ਪਰ ਕੱਪੜੇ ਨੂੰ ਗੂੜਾ ਪੱਕਾ ਸੱਚਾ ਰੰਗ ਚਾੜ੍ਹ ਦਿੰਦਾ ਹੈ ——

ਭਲਾ ਸੁਭਾਉ ਮਜੀਠ ਦਾ ਸਹੈ ਅਵਟਣੁ ਰੰਗੁ ਚੜ੍ਹਾਏ।

ਆਓ ਝੂਠੇ ਰੰਗਾਂ ਦਾ ਸੰਗ ਛੱਡ ਕੇ ਸੱਚੇ ਰੰਗਾਂ ਨਾਲ ਸਾਂਝ ਬਣਾਈਏ। ਮਾਇਆ ਦੇ ਰੰਗ ਦੀ ਥਾਂ ਮਨ ਨੂੰ ਨਾਮ ਰੰਗ ਨਾਲ ਰੰਗੀਏ। ਰਸਨਾ ਨੂੰ ਰੱਬੀ ਨਾਮ ਸਿਮਰਨ ਨਾਲ ਜੋੜਦਿਆਂ ਅਕਾਲ ਪੁਰਖ ਨਾਲ ਸੱਚੀ ਹੋਲੀ ਖੇਡੀਏ। ਪਰਮਾਤਮਾ ਦੀ ਸੱਚੀ ਸਿਫਤਿ ਸਾਲਾਹ ਦਾ ਅਮੋਲਕ ਖਜ਼ਾਨਾਂ ਹਿਰਦੇ ਵਿੱਚ ਵਸਾ ਕੇ ਰੱਖੀਏ ਤੇ ਪਰਮਾਤਮਾ ਦੇ ਰੱਬੀ ਗੁਣਾਂ ਦੀ ਹੋਲੀ ਅਨਦਿਨ ਮਨਾਈਏ।

 

 ਇਕਬਾਲ ਸਿੰਘ ਪੁੜੈਣ

8872897500

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਲੀ ਦਾ ਤਿਉਹਾਰ
Next articleIndia has taken lead in the field of space technology: Jitendra Singh