ਮਾਪਿਆਂ ਨੇ ਹਾਲਾਤ ਵਿਗੜਨ ਦੇ ਡਰੋਂ ਸਕੂਲਾਂ ’ਚ ਨਹੀਂ ਭੇਜੇ ਬੱਚੇ
ਜੰਮੂ ਦੇ ਪੰਜ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਜ਼ਿਆਦਾਤਰ ਵਿਦਿਅਕ ਅਦਾਰੇ ਖੁੱਲ੍ਹ ਗਏ। ਅਧਿਕਾਰੀਆਂ ਨੇ ਕਿਹਾ ਕਿ ਖ਼ਿੱਤੇ ’ਚ ਕਈ ਥਾਵਾਂ ਤੋਂ ਪਾਬੰਦੀਆਂ ਹਟਾਏ ਜਾਣ ਮਗਰੋਂ ਵਿਦਿਅਕ ਅਦਾਰਿਆਂ ’ਚ ਹਾਜ਼ਰੀ ਪੂਰੀ ਰਹੀ। ਉਧਰ ਕਸ਼ਮੀਰ ਦੇ ਕਈ ਸਕੂਲਾਂ ’ਚ ਅਧਿਆਪਕ ਤਾਂ ਪਹੁੰਚੇ ਪਰ ਜਮਾਤਾਂ ’ਚ ਬੱਚੇ ਨਹੀਂ ਆਏ। ਸਰਕਾਰ ਨੇ ਸ੍ਰੀਨਗਰ ਸ਼ਹਿਰ ’ਚ 190 ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਦੇ ਲੋੜੀਂਦੇ ਪ੍ਰਬੰਧ ਕੀਤੇ ਸਨ ਪਰ ਸ਼ਹਿਰ ਦੇ ਸਾਰੇ ਪ੍ਰਾਈਵੇਟ ਸਕੂਲ 15ਵੇਂ ਦਿਨ ਵੀ ਲਗਾਤਾਰ ਬੰਦ ਰਹੇ ਕਿਉਂਕਿ ਮਾਪਿਆਂ ਨੂੰ ਪਿਛਲੇ ਦੋ ਦਿਨਾਂ ਤੋਂ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਕਰਕੇ ਸੁਰੱਖਿਆ ਨੂੰ ਲੈ ਕੇ ਖ਼ਦਸ਼ਾ ਸੀ। ਬੇਮੀਨਾ ’ਚ ਸਿਰਫ਼ ਪੁਲੀਸ ਪਬਲਿਕ ਸਕੂਲ ਅਤੇ ਕੁਝ ਕੇਂਦਰੀ ਵਿਦਿਆਲਿਆ ਖੁੱਲ੍ਹੇ ਸਨ ਜਿਥੇ ਕੁਝ ਬੱਚਿਆਂ ਨੂੰ ਦੇਖਿਆ ਗਿਆ। ਇਕ ਪਿਤਾ ਫਾਰੂਕ ਅਹਿਮਦ ਡਾਰ ਨੇ ਕਿਹਾ,‘‘ਹਾਲਾਤ ਇੰਨੇ ਗੁੰਝਲਦਾਰ ਹਨ ਕਿ ਬੱਚਿਆਂ ਨੂੰ ਅਜਿਹੇ ਮਾਹੌਲ ’ਚ ਸਕੂਲ ਭੇਜਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ।’’ ਬਾਰਾਮੂਲਾ ਜ਼ਿਲ੍ਹੇ ’ਚ ਅਧਿਕਾਰੀਆਂ ਨੇ ਕਿਹਾ ਕਿ ਪੰਜ ਕਸਬਿਆਂ ’ਚ ਸਕੂਲ ਬੰਦ ਰਹੇ ਜਦਕਿ ਬਾਕੀ ਜ਼ਿਲ੍ਹੇ ’ਚ ਸਕੂਲ ਖੁੱਲ੍ਹੇ ਰਹੇ। ਉਨ੍ਹਾਂ ਕਿਹਾ ਕਿ ਪਟਨ, ਪਲਹਲਾਨ, ਸਿੰਘਪੁਰਾ, ਬਾਰਾਮੂਲਾ ਅਤੇ ਸੋਪੋਰ ਕਸਬਿਆਂ ’ਚ ਪਾਬੰਦੀਆਂ ’ਚ ਕੋਈ ਰਾਹਤ ਨਹੀਂ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਜੰਮੂ ਦੇ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਅਤੇ ਪੁਣਛ ਤੇ ਚਿਨਾਬ ਵਾਦੀ ਦੇ ਜ਼ਿਲ੍ਹਿਆਂ ਰਾਮਬਨ, ਡੋਡਾ ਅਤੇ ਕਿਸ਼ਤਵਾੜ ਦੇ ਕੁਝ ਹਿੱਸਿਆਂ ’ਚ ਵਿਦਿਅਕ ਅਦਾਰੇ ਮੁੜ ਤੋਂ ਖੁੱਲ੍ਹ ਗਏ ਹਨ। ਇਸ ਤੋਂ ਪਹਿਲਾਂ 10 ਅਗਸਤ ਨੂੰ ਪਾਬੰਦੀਆਂ ਹਟਾਉਣ ਮਗਰੋਂ ਖ਼ਿੱਤੇ ਦੇ ਪੰਜ ਹੋਰ ਜ਼ਿਲ੍ਹਿਆਂ ਜੰਮੂ, ਕਠੂਆ, ਸਾਂਬਾ, ਊਧਮਪੁਰ ਅਤੇ ਰਿਆਸੀ ’ਚ ਵਿਦਿਅਕ ਅਦਾਰੇ ਖੁੱਲ੍ਹ ਚੁੱਕੇ ਸਨ। ਰਾਜੌਰੀ ਦੇ ਡਿਪਟੀ ਕਮਿਸ਼ਨਰ ਐਜਾਜ਼ ਅਸਦ ਨੇ ਖ਼ਬਰ ਏਜੰਸੀ ਨੂੰ ਦੱਸਿਆ,‘‘ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਵਿਦਿਅਕ ਅਦਾਰਿਆਂ ’ਚ ਸੋਮਵਾਰ ਤੋਂ ਜਮਾਤਾਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ’ਚ ਡਿਗਰੀ ਕਾਲਜ ਅਤੇ ਹਾਇਰ ਸੈਕੰਡਰੀ ਸਕੂਲ ਵੀ ਸ਼ਾਮਲ ਹਨ।’’ ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਹਾਲਾਤ ਸ਼ਾਂਤ ਹਨ ਅਤੇ ਸੜਕਾਂ ’ਤੇ ਆਵਾਜਾਈ ਆਮ ਵਾਂਗ ਹੈ। ਅਸਦ ਨੇ ਕਿਹਾ ਕਿ ਦਫ਼ਾ 144 ਤਹਿਤ ਆਇਦ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ ਅਤੇ ਬਾਜ਼ਾਰ ਵੀ ਖੁੱਲ੍ਹ ਗਏ ਹਨ। ਪੁਣਛ ਜ਼ਿਲ੍ਹੇ ’ਚ ਹਾਇਰ ਸੈਕੰਡਰੀ ਸਕੂਲਾਂ ਅਤੇ ਕਾਲਜਾਂ ਨੂੰ ਛੱਡ ਕੇ ਬਾਕੀ ਵਿਦਿਅਕ ਅਦਾਰੇ ਮੁੜ ਖੁੱਲ੍ਹ ਗਏ ਹਨ। ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅੰਗਰੇਜ਼ ਸਿੰਘ ਰਾਣਾ ਨੇ ਕਿਹਾ ਕਿ ਜ਼ਿਲ੍ਹੇ ਦੇ ਕਈ ਪ੍ਰਾਈਵੇਟ ਸਕੂਲ ਖੁੱਲ੍ਹ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਨੂੰ ਸਾਰੇ ਪੰਜ ਜ਼ਿਲ੍ਹਿਆਂ ’ਚ ਇਹਤਿਆਤ ਵਜੋਂ ਚੌਕਸ ਰੱਖਿਆ ਗਿਆ ਹੈ। ਕਸ਼ਮੀਰ ਵਾਦੀ ’ਚ ਸੋਮਵਾਰ ਨੂੰ ਗੜਬੜੀ ਦੀ ਕੋਈ ਵੀ ਵੱਡੀ ਵਾਰਦਾਤ ਨਹੀਂ ਹੋਈ ਜਿਸ ਨਾਲ ਆਮ ਜਨਜੀਵਨ ਹੌਲੀ ਹੌਲੀ ਆਮ ਵਰਗੇ ਹੋ ਰਹੇ ਹਨ। ਜੰਮੂ ਖ਼ਿੱਤੇ ’ਚ ਅਮਨ ਕਾਨੂੰਨ ਦੀ ਕੋਈ ਵੀ ਉਲੰਘਣਾ ਨਹੀਂ ਹੋਈ ਹੈ। ਅਧਿਕਾਰੀਆਂ ਮੁਤਾਬਕ ਕਸ਼ਮੀਰ ’ਚ ਮੁੜ ਤੋਂ ਸਕੂਲ ਖੁੱਲ੍ਹ ਗਏ ਹਨ ਪਰ ਜ਼ਿਆਦਾਤਰ ਬੱਚੇ ਨਹੀਂ ਆਏ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਲਈ ਕਿਹਾ ਹੈ। ਡੀਆਈਜੀ (ਸੈਂਟਰਲ ਕਸ਼ਮੀਰ) ਵੀ ਕੇ ਬਿਰਦੀ ਨੇ ਕਿਹਾ ਕਿ ਕੁਝ ਇਲਾਕਿਆਂ ’ਚ ਪਥਰਾਅ ਦੀਆਂ ਮਾਮੂਲੀ ਘਟਨਾਵਾਂ ਵਾਪਰੀਆਂ ਹਨ ਪਰ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਨਜਿੱਠਦਿਆਂ ਸ਼ਰਾਰਤੀ ਅਨਸਰਾਂ ਨੂੰ ਖਿੰਡਾ ਦਿੱਤਾ ਗਿਆ।