ਫਿਲੌਰ ਦੇ 31 ਤੇ ਸ਼ਾਹਕੋਟ ਦੇ 19 ਪਿੰਡ ਹੜ੍ਹਾਂ ਦੀ ਮਾਰ ਹੇਠ

ਫਿਲੌਰ ਦੇ 31 ਤੇ ਸ਼ਾਹਕੋਟ ਦੇ 19 ਪਿੰਡ ਹੜ੍ਹਾਂ ਦੀ ਮਾਰ ਹੇਠ

Posted On August – 20 – 2019

ਸ਼ਾਹਕੋਟ ਨੇੜੇ 100 ਫੁੱਟ ਤੇ ਲੁਧਿਆਣਾ ਨੇੜੇ ਸਤਲੁਜ ’ਚ 70 ਫੁੱਟ ਦਾ ਪਾੜ

* ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਸਥਿਤੀ ਗੰਭੀਰ

* ਲੁਧਿਆਣਾ ਦੇ ਪਿੰਡ ਵੀ ਪਾਣੀ ਵਿੱਚ ਡੁੱਬੇ

* ਵੱਖ-ਵੱਖ ਇਲਾਕਿਆਂ ਵਿਚ ਹਜ਼ਾਰਾਂ ਏਕੜ ਫ਼ਸਲ ਤਬਾਹ

ਸਤਲੁਜ ਦਰਿਆ ਵਿਚ ਆਏ ਹੜ੍ਹ ਨੇ ਜਲੰਧਰ ਜ਼ਿਲ੍ਹੇ ਦੇ ਫਿਲੌਰ, ਸ਼ਾਹਕੋਟ ਤੇ ਲੋਹੀਆਂ ਇਲਾਕਿਆਂ ’ਚ ਭਾਰੀ ਤਬਾਹੀ ਮਚਾਈ ਹੈ। ਦਰਿਆ ਦੇ ਪਾਣੀ ਨੇ ਛੇ ਥਾਵਾਂ ਤੋਂ ਸਤਲੁਜ ਦੇ ਕੰਢਿਆਂ ਨੂੰ ਤੋੜਿਆ ਹੈ। ਫਿਲੌਰ ਦੇ 31 ਤੇ ਸ਼ਾਹਕੋਟ ਸਬ-ਡਿਵੀਜ਼ਨ ਦੇ 19 ਤੋਂ ਵੱਧ ਪਿੰਡ ਪਾਣੀ ਵਿਚ ਘਿਰ ਗਏ ਹਨ। ਫ਼ਿਲੌਰ ਸਬ ਡਿਵੀਜ਼ਨ ਵਿਚ ਚਾਰ ਥਾਵਾਂ ਤੋਂ ਬੰਨ੍ਹ ਵਿਚ ਪਾੜ ਪਿਆ ਹੈ ਜਦਕਿ ਸ਼ਾਹਕੋਟ ਸਬ-ਡਿਵੀਜ਼ਨ ’ਚ ਦੋ ਥਾਵਾਂ ਤੋਂ ਬੰਨ੍ਹ ਟੁੱਟਿਆ ਹੈ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਉਚੇਚੇ ਤੌਰ ’ਤੇ ਜ਼ਿਲ੍ਹੇ ਦੇ 85 ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਸਨ ਪਰ ਲੋਕਾਂ ਨੇ ਆਪਣੇ ਘਰਾਂ ਨੂੰ ਨਹੀਂ ਸੀ ਛੱਡਿਆ। ਅੱਜ ਤੜਕੇ ਤੇਜ਼ੀ ਨਾਲ ਆਏ ਪਾਣੀ ਨੇ ਲੋਕਾਂ ਨੂੰ ਘਰਾਂ ਦਾ ਸਾਮਾਨ ਸੰਭਾਲਣ ਦਾ ਮੌਕਾ ਨਹੀਂ ਦਿੱਤਾ। ਰੋਪੜ ਹੈੱਡਵਰਕਸ ਵਿਚੋਂ 2.4 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਹੜ੍ਹ ਆਉਣ ਦੀ ਸੂਚਨਾ ਹੈ। ਰੂਪਨਗਰ ਵਿਚ ਅੱਜ ਸਕੂਲ ਬੰਦ ਕਰ ਦਿੱਤੇ ਗਏ। ਸ਼ਾਹਕੋਟ ਸਬ-ਡਿਵੀਜ਼ਨ ’ਚ ਪੈਂਦੇ ਪਿੰਡ ਜਾਣੀਆਂ ਤੇ ਚੱਕ ਬੁੰਡਾਲਾ ਨੇੜੇ ਸਤਲੁਜ ਦੇ ਧੁੱਸੀ ਬੰਨ੍ਹ ਵਿਚ ਕਰੀਬ 100 ਫੁੱਟ ਦਾ ਪਾੜ ਪੈਣ ਕਾਰਨ ਬਲਾਕ ਲੋਹੀਆਂ ਖਾਸ ਦੇ ਕਰੀਬ 19 ਪਿੰਡ ਪਾਣੀ ਵਿਚ ਘਿਰ ਗਏ ਹਨ। ਫ਼ੌਜ ਅਤੇ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਵਿਚ ਜੁਟੇ ਹੋਏ ਹਨ। ਹੜ੍ਹ ਨਾਲ ਪਿੰਡ ਚੱਕ ਬੁੰਡਾਲਾ, ਜਾਣੀਆਂ, ਜਾਣੀਆਂ ਚਾਹਲ, ਮਹਿਰਾਜਵਾਲਾ, ਗੱਟਾ ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਕੰਗ ਖ਼ੁਰਦ, ਜਲਾਲਪੁਰ, ਥੇਹ ਖੁਸ਼ਹਾਲਗੜ੍ਹ, ਗੱਟੀ ਰਾਏਪੁਰ, ਕੋਠਾ, ਫ਼ਤਿਹਪੁਰ ਭੰਗਵਾ, ਇਸਮਾਇਲਪੁਰ, ਪਿੱਪਲੀ, ਮਿਆਣੀ, ਗੱਟੀ ਪੀਰ ਬਖ਼ਸ਼ ਅਤੇ ਗੱਟੀ ਰਾਏਪੁਰ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਲਾਕੇ ਦੇ ਲੋਕ ਐਤਵਾਰ ਤੋਂ ਆਪਣੇ ਪੱਧਰ ’ਤੇ ਧੁੱਸੀ ਬੰਨ੍ਹ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ। ਇਲਾਕੇ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ। ਲੋਕ ਆਪਣਾ ਕੀਮਤੀ ਸਾਮਾਨ ਅਤੇ ਪਸ਼ੂਆਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ। ਪਿੰਡ ਜਾਣੀਆਂ ਨਜ਼ਦੀਕ ਜਿੱਥੇ ਬੰਨ੍ਹ ਵਿਚ ਪਾੜ ਪਿਆ ਹੈ, ਉਸ ਦੇ ਲਾਗੇ ਹੀ ਉਸਾਰੇ ਹੋਏ ਇਕ ਘਰ ਵਿਚ ਕਰੀਬ 20 ਪਰਿਵਾਰਕ ਮੈਂਬਰ ਪਾਣੀ ਵਿਚ ਘਿਰੇ ਹੋਏ ਸਨ। ਇਸ ਤੋਂ ਇਲਾਵਾ ਐਤਵਾਰ ਦੇਰ ਰਾਤ ਲੁਧਿਆਣਾ ਦੇ ਪਿੰਡ ਭੋਲੇਵਾਲ ’ਚ ਵੀ ਸਤਲੁਜ ਦਰਿਆ ’ਚ 70 ਫੁੱਟ ਤੋਂ ਵੱਧ ਦਾ ਪਾੜ ਪੈਣ ਕਾਰਨ ਜ਼ਿਲ੍ਹੇ ਦੇ ਪੰਜ ਤੋਂ ਵੱਧ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਕਈ ਪਿੰਡਾਂ ਵਿਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ। ਕੁੱਝ ਪਿੰਡ ਜਲੰਧਰ ਜ਼ਿਲ੍ਹੇ ਦੇ ਵੀ ਹਨ। ਐਨਡੀਆਰਐਫ਼ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਪਿੰਡ ਭੋਲੇਵਾਲ, ਮਿਓਵਾਲ, ਮਾਊ ਸਾਹਿਬ, ਆਲੋਵਾਲ, ਮਾਜਰਾ ਕਲਾਂ ਤੇ ਖਹਿਰਾ ਬੇਟ ’ਚ ਪਾਣੀ ਦਾਖ਼ਲ ਹੋ ਗਿਆ ਹੈ। ਦਰਿਆ ’ਚ ਪਏ ਪਾੜ ਨੂੰ ਭਰਨ ਦਾ ਕੰਮ ਫ਼ਿਲਹਾਲ ਸ਼ੁਰੂ ਨਹੀਂ ਹੋ ਸਕਿਆ ਹੈ, ਕਿਉਂਕਿ ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੈ। ਪਾਣੀ ਦਾ ਪੱਧਰ ਸੋਮਵਾਰ ਨੂੰ ਵੀ ਖ਼ਤਰੇ ਦੇ ਨਿਸ਼ਾਨ ਤੱਕ ਹੀ ਵਹਿੰਦਾ ਰਿਹਾ ਤੇ ਘਟਿਆ ਨਹੀਂ ਹੈ। ਦਰਿਆ ਨੇੜਲੇ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਾਹਕੋਟ ’ਚ 50 ਮਾਹਿਰ ਤੈਰਾਕ ਤੇ ਗੋਤਾਖ਼ੋਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਨਕੋਦਰ ਵਿਚ ਵੀ 42 ਤੈਰਾਕਾਂ ਤੇ ਗੋਤਾਖ਼ੋਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮੈਡੀਕਲ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਬਚਾਅ ਤੇ ਰਾਹਤ ਕੇਂਦਰ ਬਣਾਏ ਗਏ ਹਨ ਜਿੱਥੇ ਖ਼ੁਰਾਕ ਤੇ ਆਸਰੇ ਸਬੰਧੀ ਪ੍ਰਬੰਧ ਕੀਤੇ ਗਏ ਹਨ।

ਲੁਧਿਆਣਾ ਦੇ 14 ਕਿਲੋਮੀਟਰ ਇਲਾਕੇ ਵਿੱਚੋਂ ਨਿਕਲਣ ਵਾਲਾ ਬੁੱਢਾ ਦਰਿਆ ਵੀ ਨੱਕੋ-ਨੱਕ ਭਰ ਗਿਆ ਹੈ। ਨਗਰ ਨਿਗਮ ਨੇ ਆਪਣੇ ਸੀਵਰੇਜ ਟਰੀਟਮੈਂਟ ਪਲਾਂਟ ਬੰਦ ਕਰ ਦਿੱਤੇ ਹਨ ਅਤੇ ਮੁਲਾਜ਼ਮ ਬੁੱਢੇ ਦਰਿਆ ਵਿੱਚ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੇ ਹਨ। ਜੇਸੀਬੀ ਮਸ਼ੀਨਾਂ ਨਾਲ ਦਰਿਆ ਵਿੱਚ ਉਗੀ ਬੂਟੀ ਨੂੰ ਪੁੱਟ ਕੇ ਅੱਗੇ ਕੀਤਾ ਜਾ ਰਿਹਾ ਹੈ ਤੇ ਬੈਗ ਕਿਨਾਰੇ ’ਤੇ ਲਗਾ ਕੇ ਬੰਨ੍ਹ ਬਣਾਇਆ ਜਾ ਰਿਹਾ ਹੈ।

Previous articleFlood-hit Punjab declares natural calamity
Next articleਕਸ਼ਮੀਰ: ਬੱਚਿਆਂ ਤੋਂ ਬਿਨਾਂ ਸਕੂਲ ਖੁੱਲ੍ਹੇ