ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਬਣੇ ਸੰਵੇਦਨਸ਼ੀਲ ਹਾਲਾਤ ਕਾਰਨ ਮੋਦੀ ਸਰਕਾਰ ਨੇ ਧਾਰਾ 370 ਖਤਮ ਨਹੀਂ ਕੀਤੀ ਜਿਸ ਸਦਕਾ ਰਾਜ ਨੂੰ ਵਿਸ਼ੇਸ਼ ਰੁਤਬਾ ਹਾਸਲ ਹੈ। ਉਂਜ, ਉਨ੍ਹਾਂ ਕਿਹਾ ਕਿ ਪਾਰਟੀ ਸੰਵਿਧਾਨ ਦੀ ਇਸ ਵਿਸ਼ੇਸ਼ ਵਿਵਸਥਾ ਨੂੰ ਖਤਮ ਕਰਨ ਲਈ ਵਚਨਬੱਧ ਹੈ। ਸੀਨੀਅਰ ਪੱਤਰਕਾਰ ਕਰਨ ਥਾਪਰ ਨਾਲ ਇੰਟਰਵਿਊ ਵਿਚ ਸ੍ਰੀ ਗਡਕਰੀ ਨੇ ਕਿਹਾ ਕਿ ਕਸ਼ਮੀਰ ਨੂੰ ਰੋਜ਼ਗਾਰ ਲਈ ਵਧੇਰੇ ਸਨਅਤਾਂ ਤੇ ਨਿਵੇਸ਼ ਦੀ ਲੋੜ ਹੈ ਪਰ ਧਾਰਾ 370 ਇਸ ਦੇ ਰਾਹ ਦਾ ਰੋੜਾ ਸਾਬਿਤ ਹੋ ਰਹੀ ਹੈ। ਜਦੋਂ ਇਹ ਪੁੱਛਿਆ ਗਿਆ ਕਿ ਕੀ ਧਾਰਾ 370 ਖਤਮ ਕਰਨ ਨਾਲ ਕਸ਼ਮੀਰ ਅਤੇ ਬਾਕੀ ਭਾਰਤ ਵਿਚਕਾਰ ਸੰਪਰਕ ਖਤਮ ਹੋ ਸਕਦਾ ਹੈ ਤਾਂ ਸ੍ਰੀ ਗਡਕਰੀ ਨੇ ਕਿਹਾ ‘‘ ਸਾਡੀ ਪਾਰਟੀ ਲੰਮੇ ਸਮੇਂ ਤੋਂ ਧਾਰਾ 370 ਖਤਮ ਕਰਨ ਦੀ ਹਾਮੀ ਹੈ। ਪਰ ਉਥੋਂ (ਜੰਮੂ ਕਸ਼ਮੀਰ) ਦੇ ਸੰਵੇਦਨਸ਼ੀਲ ਹਾਲਾਤ ਕਾਰਨ ਅਸੀਂ ਅਜਿਹਾ ਕਰ ਨਹੀਂ ਸਕੇ। ਐਤਕੀਂ ਸਾਡੇ ਕੋਲ ਪੂਰਾ ਬਹੁਮਤ ਸੀ ਪਰ ਤਾਂ ਵੀ ਅਸੀਂ ਇਸ ਨੂੰ ਲਾਗੂ ਨਹੀਂ ਕਰਵਾ ਸਕੇ। ਉਂਜ ਜਿੱਥੋਂ ਤੱਕ ਇਸ ਸਬੰਧੀ ਪਾਰਟੀ ਦੀ ਸੋਚ, ਨੀਤੀ ਅਤੇ ਪਹੁੰਚ ਦਾ ਸਵਾਲ ਹੈ ਤਾਂ ਅਸੀਂ ਦ੍ਰਿੜ ਹਾਂ।’’ ਧਾਰਾ 35ਏ ਜੋ ਜੰਮੂ ਕਸ਼ਮੀਰ ਦੇ ਸਥਾਈ ਵਸਨੀਕਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ, ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਭਾਜਪਾ ਆਗੂ ਨੇ ਕਿਹਾ ‘‘ ਸਾਨੂੰ ਹੋਰ ਹੋਟਲ, ਰੈਸਤਰਾਂ, ਰਿਜ਼ੌਰਟਾਂ ਦੀ ਲੋੜ ਹੈ। ਸੈਰ ਸਪਾਟਾ ਵਧਾਉਣ ਦੀ ਲੋੜ ਹੈ। ਪਰ ਧਾਰਾ 370 ਕਾਰਨ ਉੱਥੇ ਕੋਈ ਵੀ ਬਾਹਰੋਂ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ। ਆਈਟੀ ਫਰਮਾਂ ਆਪਣੀਆਂ ਕੰਪਨੀਆਂ ਸਥਾਪਤ ਨਹੀਂ ਕਰ ਸਕਦੀਆਂ। ਇਸ ਕਾਰਨ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ’’ ਜਦੋਂ ਉਨ੍ਹਾਂ ਦਾ ਧਿਆਨ ਦਿਵਾਇਆ ਗਿਆ ਕਿ ਕੰਪਨੀਆਂ ਸਰਕਾਰ ਰਾਹੀਂ 100 ਸਾਲਾ ਪੱਟੇ ’ਤੇ ਜ਼ਮੀਨ ਲੈ ਸਕਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਤਾਜ ਜਾਂ ਓਬਰਾਏ ਜਿਹੀ ਕੋਈ ਵੀ ਵੱਡੀ ਕੰਪਨੀ ਕਸ਼ਮੀਰ ਵਿਚ ਹੋਟਲ ਖੋਲ੍ਹਣ ਦੀ ਸਥਿਤੀ ਵਿਚ ਨਹੀਂ ਹੈ।
HOME ਕਸ਼ਮੀਰ ਦੇ ਨਾਜ਼ੁਕ ਹਾਲਾਤ ਕਾਰਨ ਖਤਮ ਨਹੀਂ ਕਰ ਸਕੇ ਧਾਰਾ 370: ਗਡਕਰੀ