ਕਸ਼ਮੀਰ ’ਤੇ ਤੀਜੀ ਧਿਰ ਦੀ ਵਿਚੋਲਗੀ ਪ੍ਰਵਾਨ ਨਹੀਂ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਹਾਜ਼ਰੀ ਵਿੱਚ ਅੱਜ ਇਥੇ ਕਸ਼ਮੀਰ ਮਸਲੇ ’ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਤੋਂ ਦੋ ਟੁੱਕ ਸ਼ਬਦਾਂ ਵਿੱਚ ਨਾਂਹ ਕਰ ਦਿੱਤੀ। ਸ੍ਰੀ ਮੋਦੀ ਨੇ ਸਪਸ਼ਟ ਕਰ ਦਿੱਤਾ ਕਿ ਦੋਵੇਂ ਗੁਆਂਢੀ ਸਾਰੇ ਮੁੱਦਿਆਂ ਨੂੰ ਵਿਚਾਰ ਚਰਚਾ ਜ਼ਰੀਏ ਸੁਲਝਾਉਣ ਦੇ ਸਮਰੱਥ ਹਨ ਤੇ ‘ਦੋਵੇਂ ਕਿਸੇ ਤੀਜੇ ਮੁਲਕ ਨੂੰ ਇਸ ਲਈ ਖੇਚਲ ਨਹੀਂ ਦੇਣਗੇ।’ ਸ੍ਰੀ ਮੋਦੀ ਨੇ ਇਹ ਟਿੱਪਣੀਆਂ ਅੱਜ ਇਥੇ ਜੀ-7 ਸਿਖਰ ਵਾਰਤਾ ਤੋਂ ਇਕ ਪਾਸੇ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਮੁਲਾਕਾਤ ਦੌਰਾਨ ਪੱਤਰਕਾਰਾਂ ਅੱਗੇ ਕੀਤੀਆਂ। ਦੱਸਣਾ ਬਣਦਾ ਹੈ ਕਿ ਟਰੰਪ ਕਸ਼ਮੀਰ ਮਸਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਲਸ ਦੀ ਭੂਮਿਕਾ ਨਿਭਾਉਣ ਦੀ ਕਈ ਵਾਰ ਪੇਸ਼ਕਸ਼ ਕਰ ਚੁੱਕੇ ਹਨ। ਜੀ-7 ਸਿਖਰ ਵਾਰਤਾ ਤੋਂ ਇਕਪਾਸੇ ਅਮਰੀਕੀ ਸਦਰ ਨਾਲ 40 ਮਿੰਟਾਂ ਦੀ ਮੁਲਾਕਾਤ ਉਪਰੰਤ ਸ੍ਰੀ ਮੋਦੀ ਨੇ ਕਿਹਾ, ‘ਭਾਰਤ ਤੇ ਪਾਕਿਸਤਾਨ ਦਰਮਿਆਨ ਕਈ ਦੁਵੱਲੇ ਮਸਲੇ ਹਨ, ਅਤੇ ਅਸੀਂ ਕਿਸੇ ਤੀਜੇ ਮੁਲਕ ਨੂੰ ਇਸ ਲਈ ਖੇਚਲ ਨਹੀਂ ਦੇਣਾ ਚਾਹੁੰਦੇ। ਅਸੀਂ ਇਨ੍ਹਾਂ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਹੱਲ ਕਰ ਸਕਦੇ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ 1947 ਤੋਂ ਪਹਿਲਾਂ ਇਕੱਠੇ ਸਨ ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਦੋਵੇਂ ਗੁਆਂਢੀ ਆਪਣੀਆਂ ਮੁਸ਼ਕਲਾਂ ਨੂੰ ਵਿਚਾਰ ਚਰਚਾ ਜ਼ਰੀਏ ਸੁਲਝਾਅ ਸਕਦੇ ਹਨ।’ ਉਨ੍ਹਾਂ ਕਿਹਾ, ‘ਚੋਣਾਂ ਮਗਰੋਂ ਜਦੋਂ ਮੈਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਫੋਨ ਕੀਤਾ, ਮੈਂ ਉਨ੍ਹਾਂ ਨੂੰ ਇਹੀ ਕਿਹਾ ਸੀ ਕਿ ਪਾਕਿਸਤਾਨ ਨੂੰ ਗਰੀਬੀ, ਅਨਪੜ੍ਹਤਾ ਤੇ ਮਾਨਸਿਕ ਵਿਕਾਰਾਂ ਖ਼ਿਲਾਫ਼ ਲੜਾਈ ਲੜਨੀ ਹੋਵੇਗੀ ਅਤੇ ਭਾਰਤ ਨੂੰ ਵੀ ਇਨ੍ਹਾਂ ਸਾਰੀਆਂ ਅਲਾਮਤਾਂ ਨਾਲ ਸਿੱਝਣਾ ਹੋਵੇਗਾ….ਮੈਂ ਉਨ੍ਹਾਂ ਨੂੰ ਕਿਹਾ ਸੀ ਸਾਨੂੰ ਆਪਣੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’ ਉਧਰ ਅਮਰੀਕੀ ਸਦਰ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਅਤੇ ਮੋਦੀ ਨੇ ਲੰਘੀ ਰਾਤ ਕਸ਼ਮੀਰ ਮਸਲੇ ’ਤੇ ਗੱਲਬਾਤ ਕੀਤੀ ਸੀ ਤੇ ਉਨ੍ਹਾਂ (ਟਰੰਪ) ਨੂੰ ਲਗਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਇਸ ਮਸਲੇ ਨੂੰ ਸੁਲਝਾਅ ਸਕਦੇ ਹਨ। ਟਰੰਪ ਨੇ ਕਿਹਾ, ‘ਅਸੀਂ ਪਿਛਲੀ ਰਾਤ ਕਸ਼ਮੀਰ ਮਸਲੇ ’ਤੇ ਚਰਚਾ ਕੀਤੀ ਸੀ, ਪ੍ਰਧਾਨ ਮੰਤਰੀ (ਮੋਦੀ) ਨਿਸ਼ਚਿਤ ਰੂਪ ’ਚ ਇਹ ਮੰਨਦੇ ਹਨ ਕਿ ਸਭ ਕੁਝ (ਕਸ਼ਮੀਰ ’ਚ ਹਾਲਾਤ) ਉਨ੍ਹਾਂ ਦੇ ਕੰਟਰੋਲ ਵਿੱਚ ਹੈ। ਉਹ ਪਾਕਿਸਤਾਨ ਨਾਲ ਗੱਲ ਕਰਨਗੇ ਤੇ ਮੈਨੂੰ ਯਕੀਨ ਹੈ ਕਿ ਉਹ ਕੁਝ ਅਜਿਹਾ ਹੱਲ ਕੱਢਣ ਵਿੱਚ ਸਫ਼ਲ ਰਹਿਣਗੇ, ਜੋ ਸਾਰਿਆਂ ਲਈ ਬਹੁਤ ਚੰਗਾ ਹੋਵੇਗਾ।’ ਟਰੰਪ ਨੇ ਕਿਹਾ, ‘ਮੇਰੇ ਦੋਵਾਂ ਭੱਦਰਪੁਰਸ਼ਾਂ (ਮੋਦੀ ਤੇ ਖ਼ਾਨ) ਨਾਲ ਚੰਗੇ ਸਬੰਧ ਹਨ ਤੇ ਮੈਨੂੰ ਲਗਦਾ ਹੈ ਕਿ ਉਹ ਖ਼ੁਦ ਬਖੁ਼ਦ ਮਸਲੇ ਨੂੰ ਹੱਲ ਕਰ ਸਕਦੇ ਹਨ। ਅਮਰੀਕੀ ਸਦਰ ਨੇ ਕਿਹਾ, ‘ਪਿਛਲੀ ਰਾਤ ਅਸੀਂ ਖਾਣੇ ਮੌਕੇ ਇਕੱਠੇ ਸੀ। ਅਸੀਂ ਵਪਾਰ, ਫ਼ੌਜ ਤੇ ਹੋਰ ਕਈ ਮੁੱਦਿਆਂ ’ਤੇ ਗੰਭੀਰ ਚਰਚਾ ਕੀਤੀ। ਮੈਨੂੰ ਭਾਰਤ ਬਾਰੇ ਕਈ ਗੱਲਾਂ ਦਾ ਗਿਆਨ ਹੋਇਆ।’ ਦੋਵਾਂ ਆਗੂਆਂ ਦਰਮਿਆਨ ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਜੰਮੂ ਤੇ ਕਸ਼ਮੀਰ ਵਿੱਚੋਂ ਧਾਰਾ 370 ਮਨਸੂਖ਼ ਕਰਨ ਮਗਰੋਂ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਕਰਕੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਲਖ਼ੀ ਸਿਖਰ ’ਤੇ ਹੈ। ਭਾਰਤ ਹਾਲਾਂਕਿ ਆਲਮੀ ਪੱਧਰ ’ਤੇ ਆਪਣੀ ਇਸ ਪੇਸ਼ਕਦਮੀ ਨੂੰ ਅੰਦਰੂਨੀ ਮਸਲਾ ਦੱਸਦਿਆਂ ਪਾਕਿਸਤਾਨ ਨੂੰ ਇਹ ਸਲਾਹ ਦੇ ਚੁੱਕਾ ਹੈ ਕਿ ਉਹ ਜਿੰਨੀ ਛੇਤੀ ਹੋਵੇ ਇਸ ਹਕੀਕਤ ਨੂੰ ਸਵੀਕਾਰ ਕਰ ਲਏ।

Previous articleJamaat flays Imran, says don’t trust US on Kashmir
Next articleਸੁਪਰੀਮ ਕੋਰਟ ਵੱਲੋਂ ਚਿਦੰਬਰਮ ਦੀ ਅਰਜ਼ੀ ’ਤੇ ਸੁਣਵਾਈ ਤੋਂ ਨਾਂਹ