ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਪਾਨ ਦੇ ਓਸਾਕਾ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਹੋਈ ਹਾਲੀਆ ਮੀਟਿੰਗ ਵਿੱਚ ਕਸ਼ਮੀਰ ਬਾਰੇ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲੇ ’ਤੇ ਕਿਸੇ ਤੀਜੇ ਧਿਰ ਦੀ ਵਿਚੋਲਗੀ ਭਾਰਤ ਨੂੰ ਨਾ ਕਦੇ ਪ੍ਰਵਾਨ ਸੀ ਤੇ ਨਾ ਕਦੇ ਹੋਵੇਗੀ। ਉਧਰ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਮਰੀਕੀ ਸਦਰ ਦੇ ਬਿਆਨ ਤੋਂ ਪੂਰਾ ਮੁਲਕ ‘ਦੁਚਿੱਤੀ’ ਵਿੱਚ ਹੈ ਤੇ ਪ੍ਰਧਾਨ ਮੰਤਰੀ ਸਦਨ ਵਿੱਚ ਆ ਕੇ ਸਥਿਤੀ ਸਪਸ਼ਟ ਕਰਨ। ਸਪਸ਼ਟੀਕਰਨ ਦੀ ਮੰਗ ਲਈ ਬਜ਼ਿੱਦ ਵਿਰੋਧੀ ਧਿਰ ਮਗਰੋਂ ਲੋਕ ਸਭਾ ’ਚੋਂ ਵਾਕਆਊਟ ਕਰ ਗਈ। ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ਵਿੱਚ ਸਦਨ ਨੂੰ ਸੰਬੋਧਨ ਕਰਦਿਆਂ ਰੱਖਿਆ ਮੰੰਤਰੀ ਨੇ ਕਿਹਾ ਕਿ ਕਸ਼ਮੀਰ, ਭਾਰਤ ਲਈ ਕੌਮੀ ਮਾਣ-ਤਾਣ ਦਾ ਮਸਲਾ ਹੈ ਤੇ ਇਸ ’ਤੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਕਿਸੇ ਕੀਮਤ ’ਤੇ ਸਵੀਕਾਰ ਨਹੀਂ ਹੋਵੇਗੀ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਤੇ ਅਮਰੀਕੀ ਸਦਰ ਟਰੰਪ ਵਿਚਾਲੇ ਜੂਨ ਵਿੱਚ ਹੋਈ ਮੀਟਿੰਗ ਦੌਰਾਨ ਕਸ਼ਮੀਰ ਬਾਰੇ ਕੋਈ ਚਰਚਾ ਨਹੀਂ ਹੋਈ। ਕਸ਼ਮੀਰ ਮਸਲੇ ’ਤੇ ਵਿਚੋਲਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।’ ਸਿੰਘ ਨੇ ਕਿਹਾ ਕਿ ਜਦੋਂ ਕਦੇ ਵੀ ਦੋਵੇਂ ਮੁਲਕ ਸੰਵਾਦ ਕਰਨਗੇ, ਇਹ ਗੱਲਬਾਤ ਕਸ਼ਮੀਰ ਮਸਲੇ ਤਕ ਸੀਮਤ ਨਹੀਂ ਹੋਵੇਗੀ। ਮਕਬੂਜ਼ਾ ਕਸ਼ਮੀਰ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਸਿੰਘ ਨੇ ਕਿਹਾ ਕਿ ਓਸਾਕਾ ਵਿੱਚ ਜੀ-20 ਮੁਲਕਾਂ ਦੀ ਮੀਟਿੰਗ ਤੋਂ ਇਕ ਪਾਸੇ ਮੋਦੀ-ਟਰੰਪ ਵਿਚਾਲੇ ਹੋਈ ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਵੀ ਮੌਜੂਦ ਸਨ ਤੇ ਉਨ੍ਹਾਂ (ਜੈਸ਼ੰਕਰ) ਵੱਲੋਂ ਲੰਘੇ ਦਿਨ ਦਿੱਤਾ ਬਿਆਨ ‘ਸਭ ਤੋਂ ਭਰੋਸੇਯੋਗ’ ਹੈ। ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਕਾਂਗਰਸ, ਡੀਐੱਮਕੇ ਤੇ ਕੁਝ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਪ੍ਰਧਾਨ ਮੰਤਰੀ ਮੋਦੀ ਦੀ ਲੋਕ ਸਭਾ ਵਿੱਚ ਮੌਜੂਦਗੀ ਤੇ ਉਨ੍ਹਾਂ ਵੱਲੋਂ ਬਿਆਨ ਜਾਰੀ ਕਰਨ ਦੀ ਮੰਗ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਹਾਲਾਂਕਿ ਵਿਰੋਧੀ ਧਿਰਾਂ ਨੂੰ ਇਹ ਕਹਿ ਕੇ ਮਨਾਉਣ ਦਾ ਯਤਨ ਕੀਤਾ ਕਿ ਵਿਦੇਸ਼ ਮੰਤਰੀ ਲੰਘੇ ਦਿਨ ਇਸ ਮੁੱਦੇ ’ਤੇ ਬਿਆਨ ਦੇ ਚੁੱਕੇ ਹਨ, ਪਰ ਪ੍ਰਦਰਸ਼ਨਕਾਰੀ ਮੈਂਬਰਾਂ ਨੇ ‘ਪ੍ਰਧਾਨ ਮੰਤਰੀ ਜਵਾਬ ਦੋ ਜਵਾਬ ਦੋ’ ਦੇ ਨਾਅਰੇ ਜਾਰੀ ਰੱਖੇ। ਸਦਨ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਸਿਫ਼ਰ ਕਾਲ ਦੌਰਾਨ ਬੋਲਦਿਆਂ ਕਿਹਾ ਕਿ ਅਮਰੀਕੀ ਸਦਰ ਦੀ ਟਿੱਪਣੀ ਤੋਂ ਪੂਰਾ ਮੁਲਕ ਦੁਚਿੱਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਚੰਗਾ ਹੋਵੇ ਜੇਕਰ ਪ੍ਰਧਾਨ ਮੰਤਰੀ ਖ਼ੁਦ ਆ ਕੇ ਇਸ ਬਾਰੇ ਸਪਸ਼ਟੀਕਰਨ ਦੇਣ, ਕਿਉਂਕਿ ਇਹ ਉਨ੍ਹਾਂ (ਮੋਦੀ) ਤੇ ਟਰੰਪ ਦਰਮਿਆਨ ਹੋਈ ਗੱਲ ਹੈ। ਉਨ੍ਹਾਂ ਕਿਹਾ, ‘ਕੀ ਹੋਇਆ ਜੇਕਰ ਅਸੀਂ ਪ੍ਰਧਾਨ ਮੰਤਰੀ ਦੇ ਮੂੰਹੋਂ ਸਪਸ਼ਟੀਕਰਨ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਸਦਨ ਵਿੱਚ ਆ ਕੇ ਬਿਆਨ ਦੇਣ।’ ਇਸ ਦੌਰਾਨ ਲੋਕ ਸਭਾ ਵਿੱਚ ਡਿਪਟੀ ਆਗੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਬਿਆਨ ਦੇਣ ਲਈ ਖੜ੍ਹੇ ਹੋਏ ਤਾਂ ਕਾਂਗਰਸ, ਡੀਐੱਮਕੇ ਤੇ ਹੋਰ ਮੈਂਬਰ ਸਦਨ ਵਿੱਚੋਂ ਵਾਕਆਊਟ ਕਰ ਗਏ।
HOME ਕਸ਼ਮੀਰ: ਤੀਜੀ ਧਿਰ ਦੀ ਵਿਚੋਲਗੀ ਪ੍ਰਵਾਨ ਨਹੀਂ: ਰਾਜਨਾਥ ਸਿੰਘ