ਅਮਰੀਕਾ ਨੇ ਭਾਰਤ ਨੂੰ ਕਸ਼ਮੀਰ ’ਚ ਸਿਆਸੀ ਤੇ ਆਰਥਿਕ ਸਥਿਤੀ ਆਮ ਵਾਂਗ ਬਣਾਉਣ ਬਾਰੇ ‘ਖ਼ਾਕਾ’ ਪੇਸ਼ ਕਰਨ ਲਈ ਕਿਹਾ ਹੈ। ਅਮਰੀਕਾ ਨੇ ਨਜ਼ਰਬੰਦ ਕੀਤੇ ਗਏ ਸਿਆਸੀ ਆਗੂਆਂ ਨੂੰ ਜਲਦੀ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਹੀ ਪਾਕਿ ਨੂੰ ਵੀ ਅਮਰੀਕਾ ਨੇ ਉਸ ਦੇ ਇਲਾਕੇ ’ਚ ਅਤਿਵਾਦੀਆਂ ਖ਼ਿਲਾਫ ‘ਲਗਾਤਾਰ ਤੇ ਸਥਾਈ’ ਕਦਮ ਚੁੱਕਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਵੱਡੇ ਸਿਆਸੀ ਆਗੂਆਂ ਤੇ ਵੱਖਵਾਦੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਤੇ ਕਈ ਘਰਾਂ ’ਚ ਨਜ਼ਰਬੰਦ ਹਨ।
ਅਮਰੀਕੀ ਕੂਟਨੀਤਕ ਐੱਲਿਸ ਜੀ. ਵੈੱਲਜ਼ ਨੇ ਕਿਹਾ ਕਿ ਉਹ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋਣ ਤੱਕ ਦਬਾਅ ਬਣਾਈ ਰੱਖਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਜ਼ਰੂਰੀ ਹੈ ਸਿਆਸੀ ਤੇ ਆਰਥਿਕ ਹਾਲਤਾਂ ਆਮ ਵਾਂਗ ਕਰਨੀਆਂ। ਉਨ੍ਹਾਂ ਕਿਹਾ ਕਿ ਅਮਰੀਕਾ ਕਸ਼ਮੀਰ ਦੀ ਸਥਿਤੀ ਬਾਰੇ ਬੇਹੱਦ ‘ਫ਼ਿਕਰਮੰਦ’ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਥੋੜ੍ਹਾ ਸੁਧਾਰ ਵਾਪਰਿਆ ਹੈ ਪਰ ਇੰਟਰਨੈੱਟ ਤੇ ਐੱਸਐਮਐੱਸ ’ਤੇ ਅਜੇ ਵੀ ਪਾਬੰਦੀ ਹੈ। ਵੈੱਲਜ਼ ਨੇ ਕੌਮਾਂਤਰੀ ਮੀਡੀਆ ਦੀ ਕਸ਼ਮੀਰ ਦੀ ਕਵਰੇਜ ਲਈ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਹੁੰਦੀ ਦੇਖਣਾ ਚਾਹੁੰਦੇ ਹਨ। ਟਰੰਪ ਪ੍ਰਸ਼ਾਸਨ ਵੱਲੋਂ ਵਿਚੋਲਗੀ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਉਸ ਮਾਹੌਲ ਨੂੰ ਉਤਸ਼ਾਹਿਤ ਕਰਦਾ ਰਹੇਗਾ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਚਨਾਤਮਕ ਵਾਰਤਾ ਲਈ ਰਾਹ ਬਣਾਏਗਾ।
ਨਾਮ ਨਾ ਦੱਸਣ ਦੀ ਸ਼ਰਤ ’ਤੇ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੇ ਤਣਾਅ ਦੇ ਮਾਹੌਲ ’ਤੇ ਫਿਕਰ ਜਤਾਇਆ ਹੈ ਅਤੇ ਇਮਰਾਨ ਖ਼ਾਨ ਤੇ ਨਰਿੰਦਰ ਮੋਦੀ ਨੂੰ ਸਿੱਧੇ ਗੱਲਬਾਤ ਕਰਨ ਲਈ ਕਿਹਾ ਹੈ।
HOME ਕਸ਼ਮੀਰ ’ਚ ਸਥਿਤੀ ਆਮ ਵਾਂਗ ਕਰਨ ਬਾਰੇ ‘ਖ਼ਾਕਾ’ ਪੇਸ਼ ਕਰੇ ਭਾਰਤ: ਅਮਰੀਕਾ