ਸ਼ਿਵ ਸੈਨਾ ਨੇ ਮੁੱਖ ਮੰਤਰੀ ਦਾ ਅਹੁਦਾ ਮੰਗਿਆ

ਮਹਾਰਾਸ਼ਟਰ ’ਚ ਸ਼ਿਵ ਸੈਨਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਮੰਗ ਨੇ ਭਾਰਤੀ ਜਨਤਾ ਭਾਰਤੀ ਨੂੰ ਸੁਰੱਖਿਆਤਮਕ ਚੱਲਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੇਵੇਂਦਰ ਫੜਨਵੀਸ ਦੇ ਦੂਜੀ ਵਾਰ ਮੁੱਖ ਮੰਤਰੀ ਬਣਨ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸੰਸਦ ਮੈਂਬਰ ਅਨਿਲ ਦੇਸਾਈ ਨੇ ਪਾਰਟੀ ਮੁਖੀ ਊਧਵ ਠਾਕਰੇ ਦੀ ਰਿਹਾਇਸ਼ ‘ਮਾਤੋਸ਼੍ਰੀ’ ਵਿੱਚ ਮੀਟਿੰਗ ਮਗਰੋਂ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਯਕੀਨੀ ਤੌਰ ’ਤੇ ਸ਼ਿਵ ਸੈਨਾ ਦਾ ਆਪਣਾ ਮੁੱਖ ਮੰਤਰੀ ਹੋਵੇਗਾ।’’ ਸੂਤਰਾਂ ਅਨੁਸਾਰ ਪਾਰਟੀ ਦੀ ਇੱਕ ਟੀਮ, ਜਿਸ ਵਿੱਚ ਉਹ ਖ਼ੁਦ (ਅਨਿਲ ਦੇਸਾਈ), ਸੁਭਾਸ਼ ਦੇਸਾਈ, ਰਾਜ ਸਭਾ ਮੈਂਬਰ ਸੰਜੈ ਰਾਉਤ ਅਤੇ ਹੋਰ ਸ਼ਾਮਲ ਹਨ, ਨੇ ਇਸ ਸਬੰਧੀ ਭਾਜਪਾ ਨਾਲ ਗੱਲਬਾਤ ਕੀਤੀ ਹੈ। ਸ਼ਿਵ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਜਲਦੀ ਹੀ ‘ਮਾਤੋਸ਼੍ਰੀ’ ਜਾਣਗੇ ਅਤੇ ਸਰਕਾਰ ਬਣਾਉਣ ਸਬੰਧੀ ਵਿਸਥਾਰ ਵਿੱਚ ਗੱਲਬਾਤ ਕੀਤੀ ਜਾਵੇਗੀ।
ਉਧਰ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਵੱਲੋਂ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰਨ ਮਗਰੋਂ ਮਹਾਰਾਸ਼ਟਰ ’ਚ ਭਾਜਪਾ-ਸ਼ਿਵ ਸੈਨਾ ਸਰਕਾਰ ਬਣਨ ਦੇ ਆਸਾਰ ਰੋਸ਼ਨ ਹਨ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਬੀਤੇ ਦਿਨ ਐਲਾਨੇ ਨਤੀਜੇ ਅਨੁਸਾਰ ਭਾਜਪਾ ਨੂੰ 105 ਜਦਕਿ ਉਸਦੀ ਸਹਿਯੋਗੀ ਸ਼ਿਵ ਸੈਨਾ ਨੂੰ 56 ਸੀਟਾਂ ਮਿਲੀਆਂ ਸਨ। ਐੱਨਸੀਪੀ 54 ਅਤੇ ਕਾਂਗਰਸ ਪਾਰਟੀ 44 ਸੀਟਾਂ ’ਤੇ ਜੇਤੂ ਰਹੀ ਸੀ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਸ੍ਰੀ ਬਾਲਸਾਹਿਬ ਥੋਰਟ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਸ਼ਿਵ ਸੈਨਾ ਨਾਲ ਹੱਥ ਮਿਲਾਉਣ ਬਾਰੇ ਸੰਭਾਵਨਾ ਤੋਂ ਨਾਂਹ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਇੱਕ ‘‘ਜ਼ਿੰਮੇਦਾਰ’’ ਵਜੋਂ ਵਿਰੋਧੀ ਧਿਰ ’ਚ ਬੈਠਣ ਦਾ ਫਤਵਾ ਮਿਲਿਆ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਥੋਰਟ ਨੇ ਕਿਹਾ ਕਿ ਕਾਂਗਰਸ ਕੋਲ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦੀ ਕੋਈ ‘ਰਣਨੀਤੀ’ ਜਾਂ ‘ਪ੍ਰਸਤਾਵ’ ਨਹੀਂ ਹੈ।
ਉਨ੍ਹਾਂ ਕਿਹਾ, ‘‘ਸਾਡੇ ਵੱਲੋਂ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੂੰ ਸਮਰਥਨ ਦਾ ਸਵਾਲ ਹੀ ਨਹੀਂ ਉੱਠਦਾ। ਜੇਕਰ ਸ਼ਿਵ ਸੈਨਾ ਸਾਡੇ ਤੱਕ ਪਹੁੰਚ ਕਰੇਗੀ ਤਾਂ ਉਹ ਆਪਣੇ ਕੇਂਦਰੀ ਨੇਤਾਵਾਂ ਦੀ ਸਲਾਹ ਲੈਣਗੇ ਅਤੇ ਉਨ੍ਹਾਂ ਦਾ ਨਿਰਣਾ ਹੀ ਆਖਰੀ ਹੋਵੇਗਾ।’’

Previous articleWere you a ghost in the room, Akbar’s lawyer asks witness
Next articleਕਸ਼ਮੀਰ ’ਚ ਸਥਿਤੀ ਆਮ ਵਾਂਗ ਕਰਨ ਬਾਰੇ ‘ਖ਼ਾਕਾ’ ਪੇਸ਼ ਕਰੇ ਭਾਰਤ: ਅਮਰੀਕਾ