ਜੰਮੂ (ਸਮਾਜ ਵੀਕਲੀ) : ਵਾਦੀ ਵਿਚੋਂ ਉਜੜੇ ਕਸ਼ਮੀਰੀ ਪੰਡਿਤਾਂ ਦਾ ਇਕ ਵਫ਼ਦ ਅੱਜ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਮਿਲਿਆ। ਉਨ੍ਹਾਂ ਕਸ਼ਮੀਰ ਵਿਚ ਭਾਈਚਾਰੇ ਦੇ ਵਸੇਬੇ ਲਈ ਇਕ ਥਾਂ ਦੀ ਮੰਗ ਕੀਤੀ। ਇਸ ਤੋਂ ਇਲਾਵਾ ਭਲਾਈ ਬੋਰਡ ਕਾਇਮ ਕਰਨ ਤੇ ਵਾਦੀ ਵਿਚ ਸਥਿਤ ਮੰਦਰਾਂ ਦੀ ਰਾਖੀ ਲਈ ਇਕ ਟਰੱਸਟ ਬਣਾਉਣ ਦੀ ਮੰਗ ਵੀ ਕੀਤੀ।
ਵਫ਼ਦ ਦੀ ਅਗਵਾਈ ਸਰਬ ਪਾਰਟੀ ਪ੍ਰਵਾਸੀ ਤਾਲਮੇਲ ਕਮੇਟੀ ਦੇ ਚੇਅਰਮੈਨ ਵਿਨੋਦ ਪੰਡਿਤ ਨੇ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਰੁਜ਼ਗਾਰ ਪੈਕੇਜ ਦੀ ਗਿਣਤੀ ਵੀ ਵਧਾਈ ਜਾਵੇ। ਭਾਈਚਾਰੇ ਦੇ ਮਸਲਿਆਂ ਲਈ ਇਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਜਾਵੇ। ਉਨ੍ਹਾਂ ਵਾਦੀ ਵਿਚ ਕਾਰਜਸ਼ੀਲ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਦੇ ਮੁੱਦੇ ਵੀ ਉਠਾਏ। ਸਿਨਹਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਮੰਗਾਂ ਉਤੇ ਗ਼ੌਰ ਕਰਨਗੇ।