ਸ੍ਰੀਨਗਰ: ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਕਿਹਾ ਕਿ ਵਾਦੀ ਵਿੱਚ ਆਇਦ ਪਾਬੰਦੀਆਂ ਕਰਕੇ ਕਸ਼ਮੀਰੀ ਆਵਾਮ ਖੁਸ਼ੀਆਂ-ਗ਼ਮੀਆਂ ਮਨਾਉਣ ਦੇ ਹੱਕ ਤੋਂ ਵੀ ਮਹਿਰੂਮ ਹੋ ਗਈ ਹੈ। ਇਲਤਿਜਾ ਮੁਫਤੀ ਨੇ ਆਈਏਐੱਨਐੱਸ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਇਤਿਹਾਸ ਵਿੱਚ ਅਸੀਂ ਉਸ ਚੌਰਾਹੇ ’ਤੇ ਆ ਗਏ ਹਾਂ, ਜਦੋਂ ਲੋਕ ਲਹਿਰ ਫੈਸਲਾਕੁਨ ਭੂਮਿਕਾ ਨਿਭਾ ਸਕਦੀ ਹੈ। ਇਲਤਿਜਾ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਖੁਸ਼ੀ-ਗਮੀ ਮਨਾਉਣ ਦੇ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਕਸ਼ਮੀਰੀ ਹੋਰਨਾਂ ਲੋਕਾਂ ਵਰਗੇ ਨਹੀਂ ਹਨ। ਇਸ ਦੌਰਾਨ ਕਸ਼ਮੀਰ ਪ੍ਰੈੱਸ ਕਲੱਬ ਨੇ ਵਾਦੀ ਵਿੱਚ ਸੰਚਾਰ ਸਾਧਨਾਂ ’ਤੇ ਆਇਦ ਪਾਬੰਦੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਕਲੱਬ ਨੇ ਕਿਹਾ ਕਿ ਪਿਛਲੇ 51 ਦਿਨਾਂ ਤੋਂ ਆਇਦ ਪਾਬੰਦੀਆਂ ਨੂੰ ਖ਼ਤਮ ਕਰਕੇ ਸੰਚਾਰ ਸੇਵਾਵਾਂ ਬਹਾਲ ਕੀਤੀਆਂ ਜਾਣ। ਉਧਰ ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਉਹ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦੀ ਬਹਾਲੀ ਸਬੰਧੀ ਫ਼ੈਸਲਾ ਢੁੱਕਵੇਂ ਸਮੇਂ ’ਤੇ ਲਏਗਾ। ਇਸ ਤੋਂ ਪਹਿਲਾਂ ਕਸ਼ਮੀਰ ਪ੍ਰੈੱਸ ਕਲੱਬ (ਕੇਪੀਸੀ) ਨੇ ਆਪਣੀ ਇਸ ਮੰਗ ਨੂੰ ਮੁੜ ਦੁਹਰਾਇਆ ਹੈ ਕਿ ਵਾਦੀ ’ਚ ਸੰਚਾਰ ਪਾਬੰਦੀਆਂ ਨੂੰ ਤੁਰੰਤ ਹਟਾਇਆ ਜਾਵੇ। ਕਲੱਬ ਨੇ ਇਕ ਬਿਆਨ ਵਿੱਚ ਕਿਹਾ, ‘ਪਾਬੰਦੀਆਂ ਨੇ ਪੱਤਰਕਾਰਾਂ ਨੂੰ ਅਪਾਹਜ ਬਣਾ ਛੱਡਿਆ ਹੈ। ਸੰਚਾਰ ਸਾਧਨਾਂ ’ਤੇ ਪਾਬੰਦੀ ਨਾਲ ਵਾਦੀ ਦੇ ਜ਼ਮੀਨੀ ਹਾਲਾਤ ਨਾਲ ਸਬੰਧਤ ਖ਼ਬਰਾਂ ਉਨ੍ਹਾਂ ਤਕ ਨਹੀਂ ਪੁੱਜ ਰਹੀਆਂ। ਪਾਬੰਦੀਆਂ ਪੂਰੀ ਤਰ੍ਹਾਂ ਅਣਉਚਿਤ ਤੇ ਬੇਤੁਕੀਆਂ ਹਨ ਤੇ ਇਨ੍ਹਾਂ ਦਾ ਮੁੱਖ ਨਿਸ਼ਾਨਾ ਕਸ਼ਮੀਰ ਪ੍ਰੈੱਸ ਦਾ ਮੂੰਹ ਬੰਦ ਕਰਨਾ ਹੈ।’
INDIA ਕਸ਼ਮੀਰੀ ਖੁਸ਼ੀ-ਗ਼ਮੀ ਮਨਾਉਣ ਦੇ ਹੱਕ ਤੋਂ ਵੀ ਵਾਂਝੇ: ਇਲਤਿਜਾ ਮੁਫ਼ਤੀ