ਨੋਬੇਲ ਪੁਰਸਕਾਰ ਜੇਤੂ ਅਭਿਜੀਤ ਵੱਲੋਂ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ: ਨੋਬੇਲ ਪੁਰਸਕਾਰ ਜੇਤੂ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਵੱਖ ਵੱਖ ਵਿਸ਼ਿਆਂ ’ਤੇ ‘ਸਿਹਤਮੰਦ ਤੇ ਵਿਸਥਾਰਤ’ ਸੰਵਾਦ ਕੀਤਾ। ਬੈਨਰਜੀ, ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਹਨ, ਜੋ ਮੈਸਾਚਿਊਸਟਸ ਇੰਸਟੀਚਿਊਟ ਆਫ ਤਕਨਾਲੋਜੀ ਵਿੱਚ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਐਸਥਰ ਡਫਲੋ (ਜੋ ਬੈਨਰਜੀ ਦੀ ਪਤਨੀ ਵੀ ਹੈ) ਤੇ ਮਾਈਕਲ ਕਰੈਮਰ ਨਾਲ ਸਾਂਝੇ ਤੌਰ ’ਤੇ ‘ਆਲਮੀ ਗੁਰਬਤ ਨੂੰ ਘਟਾਉਣ ਲਈ ਅਪਣਾਈ ਤਜਰਬੇਕਾਰ ਰਸਾਈ’ ਲਈ ਅਰਥਸ਼ਾਸਤਰ ਵਿੱਚ ਨੋਬੇਲ ਪੁਰਸਕਾਰ ਦੇ ਐਜਾਜ਼ ਨਾਲ ਸਨਮਾਨਿਆ ਗਿਆ ਸੀ। ਮੀਟਿੰਗ ਉਪਰੰਤ ਸ੍ਰੀ ਮੋਦੀ ਨੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਇਕ ਟਵੀਟ ’ਚ ਕਿਹਾ, ‘ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਮੁਲਕਾਤ ਸ਼ਾਨਦਾਰ ਸੀ। ਮਨੁੱਖੀ ਸਸ਼ਕਤੀਕਰਨ ਬਾਰੇ ਉਹਦਾ ਜਨੂੰਨ ਪ੍ਰਤੱਖ ਵਿਖਾਈ ਦਿੰਦਾ ਸੀ। ਅਸੀਂ ਕਈ ਵਿਸ਼ਿਆਂ ’ਤੇ ਸਿਹਤਮੰਦ ਤੇ ਵਿਸਥਾਰਤ ਚਰਚਾ ਕੀਤੀ। ਭਾਰਤ ਨੂੰ ਉਹਦੀਆਂ ਕਮਾਲ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ। ਉਹਦੇ ਭਵਿੱਖੀ ਉੱਦਮਾਂ ਲਈ ਬਹੁਦ ਸਾਰੀਆਂ ਸ਼ੁਭਕਾਮਨਾਵਾਂ।’

Previous articleਕਸ਼ਮੀਰ ਵਿੱਚ 79ਵੇਂ ਦਿਨ ਵੀ ਜਨਜੀਵਨ ’ਚ ਵਿਘਨ
Next articleBirmingham Witnesses Fabulous Participation for “DIWALI ON THE SQUARE 2019”