ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਛੱਡੋ ਅੰਦੋਲਨ ਦੀ 78ਵੀਂ ਵਰ੍ਹੇਗੰਢ ਮੌਕੇ ਮਹਾਤਮਾ ਗਾਂਧੀ ਦੇ ਨਾਅਰੇ ‘ਕਰੋ ਜਾਂ ਮਰੋ’ ਨੂੰ ਨਵੇਂ ਅਰਥ ‘ਬੇਇਨਸਾਫ਼ੀ ਖ਼ਿਲਾਫ਼ ਲੜੋ, ਡਰੋ ਨਹੀਂ’ ਦੇਣੇ ਹੋਣਗੇ। ਮਹਾਤਮਾ ਗਾਂਧੀ ਨੇ ਅੰਗੇਰਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ 8 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।
ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਆਖ਼ਰੀ ਹੱਲੇ ਲਈ ਭਾਰਤੀ ਲੋਕਾਂ ਨੂੰ ‘ਕਰੋ ਜਾਂ ਮਰੋ’ ਦਾ ਸੱਦਾ ਦਿੱਤਾ ਸੀ। ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ, ‘‘ਭਾਰਤ ਛੱਡੋ ਅੰਦਲੋਨ ਦੀ 78ਵੀਂ ਵਰ੍ਹੇਗੰਢ ਮੌਕੇ ਗਾਂਧੀ ਜੀ ਦੇ ‘ਕਰੋ ਜਾਂ ਮਰੋ’ ਦੇ ਨਾਅਰੇ ਨੂੰ ਨਵੇਂ ਅਰਥ ‘ਬੇਇਨਸਾਫ਼ੀ ਖ਼ਿਲਾਫ਼ ਲੜੋ, ਡਰੋ ਨਹੀਂ’ ਦੇਣੇ ਹੋਣਗੇ।’’
ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਨੇ ਅਾਸ਼ਾ ਵਰਕਰਾਂ ਦੀ ਹੜਤਾਲ ਸਬੰਧੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪਹਿਲਾਂ ਤੋਂ ‘ਗੂੰਗੀ’ ਹੋ ਚੁੱਕੀ ਸਰਕਾਰ ਹੁਣ ‘ਅੰਨ੍ਹੀ ਅਤੇ ਬੋਲ਼ੀ’ ਵੀ ਹੋ ਗਈ ਹੈ। ਆਸ਼ਾ ਵਰਕਰਾਂ ਸੱਤ ਅਗਸਤ ਤੋਂ ਦੋ ਦਿਨ ਦੀ ਹੜਤਾਲ ’ਤੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੱਦਾਖ ਵਿੱਚ ‘ਚੀਨੀ ਘੁਸਪੈਠ’ ਦੇ ਜ਼ਿਕਰ ਵਾਲੀ ਰਿਪੋਰਟ ਕੇਂਦਰੀ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਹਟਾਉਣ ’ਤੇ ਦੋਸ਼ ਲਾਇਆ ਕਿ ਇਹ ਸੰਜੋਗ ਨਹੀਂ, ਸਗੋਂ ਸਰਕਾਰ ਦਾ ‘ਲੋਕਤੰਤਰ ਵਿਰੋਧੀ ਪ੍ਰਯੋਗ’ ਹੈ।
ਉਨ੍ਹਾਂ ਕਿਹਾ, ‘‘ਜਦੋਂ ਜਦੋਂ ਦੇਸ਼ ਭਾਵੁਕ ਹੋਇਆ, ਫਾਈਲਾਂ ਗਾਇਬ ਹੋਈਆਂ। ਚਾਹੇ ਉਹ ਮਾਲਿਆ ਜਾਂ ਰਾਫਾਲ, ਮੋਦੀ ਜਾਂ ਚੌਕਸੀ ਨਾਲ ਸਬੰਧਿਤ ਹੋਣ। ਤਾਜ਼ਾ ਫਾਈਲ ਚੀਨੀ ਘੁਸਪੈਠ ਵਾਲੀ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਇਹ ਸੰਜੋਗ ਨਹੀਂ ਮੋਦੀ ਸਰਕਾਰ ਦਾ ਲੋਕਤੰਤਰ ਵਿਰੋਧੀ ਪ੍ਰਯੋਗ ਹੈ।’’