ਕਰੋੜਾਂ ਕਿਸਾਨਾਂ ਨੂੰ ਫ਼ਸਲ ਬੀਮਾ ਯੋਜਨਾ ਦਾ ਲਾਭ ਮਿਲਿਆ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਲਾਂਚ ਕੀਤੀ ਗਈ ਫ਼ਸਲ ਬੀਮਾ ਯੋਜਨਾ ਦਾ ਲਾਭ ਕਰੋੜਾਂ ਕਿਸਾਨਾਂ ਨੂੰ ਮਿਲਿਆ ਹੈ। ਇਸ ਨਾਲ ਕੁਦਰਤੀ ਤੌਰ ’ਤੇ ਫ਼ਸਲਾਂ ਨੂੰ ਹੁੰਦੇ ਨੁਕਸਾਨ ਦਾ ਜੋਖ਼ਮ ਘਟਿਆ ਹੈ। ਟਵੀਟ ਕਰ ਕੇ ਮੋਦੀ ਨੇ ਲੋਕਾਂ ਨੂੰ ਕਿਹਾ ਕਿ ‘ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ’ ਬਾਰੇ ਉਹ ‘ਨਮੋ’ ਐਪ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ। ਇੱਥੇ ਦੱਸਿਆ ਗਿਆ ਹੈ ਕਿ ਯੋਜਨਾ ਕਿਵੇਂ ਕਿਸਾਨਾਂ ਦੀ ਮਦਦ ਕਰ ਰਹੀ ਹੈ।

ਦੱਸਣਯੋਗ ਹੈ ਕਿ ਇਸ ਯੋਜਨਾ ਨੂੰ ਅੱਜ ਪੰਜ ਸਾਲ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਆਵਜ਼ਾ ਦੇਣ ’ਚ ਪਾਰਦਰਸ਼ਤਾ ਵੀ ਵਧੀ ਹੈ। ਇਸੇ ਦੌਰਾਨ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ 29 ਕਰੋੜ ਕਿਸਾਨਾਂ ਨੇ ਯੋਜਨਾ ਤਹਿਤ ਫ਼ਸਲਾਂ ਦਾ ਬੀਮਾ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਰਹਿ ਗਏ ਹਨ, ਉਹ ਵੀ ਇਸ ਸਕੀਮ ਦਾ ਲਾਹਾ ਲੈਣ। ਤੋਮਰ ਨੇ ਕਿਹਾ ਕਿ ਫ਼ਸਲਾਂ ਦਾ ਬੀਮਾ ਕਿਸਾਨਾਂ ਲਈ ਇਕੋ-ਇਕ ‘ਸੁਰੱਖਿਆ ਢਾਲ’ ਹੈ। ਕਿਸੇ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਇਸ ਰਾਹੀਂ ਪੂਰਤੀ ਹੋ ਸਕਦੀ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ 90 ਹਜ਼ਾਰ ਕਰੋੜ ਦਾ ਮੁਆਵਜ਼ਾ ਯੋਜਨਾ ਤਹਿਤ ਦਿੱਤਾ ਹੈ। ਮੰਤਰੀ ਮੁਤਾਬਕ ਦਾਅਵੇ ਤੇਜ਼ੀ ਨਾਲ ਭੁਗਤਾਉਣ ਲਈ ਕੇਂਦਰ ਸਰਕਾਰ ਸੈਟੇਲਾਈਟ ਦੀ ਮਦਦ ਲੈ ਰਹੀ ਹੈ ਤੇ ਰਾਜ ਸਰਕਾਰਾਂ ਨਾਲ ਤਾਲਮੇਲ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਬੀਮਾ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ ਜਿੱਥੇ ਸਾਰੀ ਜਾਣਕਾਰੀ ਉਪਲੱਬਧ ਹੈ।

Previous articleਪੰਜਾਬ ’ਚ ਵੀ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
Next articleਅਤਿਵਾਦੀ ਫੰਡਿੰਗ: ਹਾਫਿਜ਼ ਸਈਦ ਦੇ ਦੋ ਰਿਸ਼ਤੇਦਾਰਾਂ ਨੂੰ 15-15 ਸਾਲ ਦੀ ਕੈਦ