ਚੋਣ ਪ੍ਰਚਾਰ: ਆਮ ਆਦਮੀ ਪਾਰਟੀ ਨੂੰ ਪੰਜਾਬੀ ਬੁਲਾਰਿਆਂ ਦੀ ਘਾਟ ਰੜਕੀ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ’ਚ ਸਾਰੀਆਂ ਸਿਆਸੀ ਪਾਰਟੀਆਂ ਨੇ ਪ੍ਰਚਾਰ ਭਖਾ ਦਿੱਤਾ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਸਪਾ ਤੇ ਭਾਜਪਾ-ਪੰਜਾਬ ਲੋਕ ਕਾਂਗਰਸ ਨੇ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਚੋਣ ਪ੍ਰਚਾਰ ਕਰਨ ਲਈ ਪ੍ਰਚਾਰਕਾਂ ਦੀ ਸੂਚੀ ਤਿਆਰ ਕਰਨੀ ਆਰੰਭ ਦਿੱਤੀ ਹੈ। ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬੀ ’ਚ ਪ੍ਰਚਾਰ ਕਰਨ ਵਾਲੇ ਆਗੂਆਂ ਦੀ ਘਾਟ ਰੜਕਣ ਲੱਗ ਪਈ ਹੈ। ਪਾਰਟੀ ਕੋਲ ਵੱਡੇ ਆਗੂਆਂ ਦੀ ਗਿਣਤੀ ਘੱਟ ਹੋਣ ਕਰਕੇ ਸਾਰੇ ਵਿਧਾਨ ਸਭਾ ਹਲਕਿਆਂ ਤੱਕ ਪਹੁੰਚ ਕਰਨ ’ਚ ਮੁਸ਼ਕਲ ਆ ਸਕਦੀ ਹੈ।

ਪੰਜਾਬ ਵਿੱਚ ਪਿੰਡਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਪਿੰਡਾਂ ’ਚ ਰਹਿੰਦੇ ਆਮ ਲੋਕਾਂ ਤੱਕ ਪੰਜਾਬੀ ਰਾਹੀਂ ਹੀ ਪਹੁੰਚ ਬਣਾਈ ਜਾ ਸਕਦੀ ਹੈ। ‘ਆਪ’ ਕੋਲ ਵੱਡੇ ਆਗੂਆਂ ’ਚੋਂ ਪੰਜਾਬੀ ਬੋਲਣ ਵਾਲਾ ਭਗਵੰਤ ਮਾਨ ਹੀ ਹੈ। ਇਸ ਤੋਂ ਪੰਜਾਬੀ ਬੋਲਣ ਵਾਲਾ ਵੱਡਾ ਆਗੂ ਜਰਨੈਲ ਸਿੰਘ ਹੈ ਪਰ ਦਿੱਲੀ ’ਚ ਰਹਿਣ ਕਰਕੇ ਉਸ ਦੀ ਬੋਲੀ ਵਿੱਚ ਹਿੰਦੀ ਦਾ ਅਸਰ ਹੈ। ਇਸ ਤੋਂ ਇਲਾਵਾ ਪਾਰਟੀ ਕੋਲ ਪੰਜਾਬੀ ਬੋਲੀ ’ਚ ਪ੍ਰਚਾਰ ਕਰਨ ਵਾਲਾ ਕੋਈ ਵੱਡਾ ਆਗੂ ਨਹੀਂ। ਹਾਲਾਂਕਿ ਪਾਰਟੀ ਕੋਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ ਵਰਗੇ ਚੰਗੇ ਬੁਲਾਰੇ ਹਨ ਪਰ ਇਨ੍ਹਾਂ ਨੂੰ ਅੱਗੇ ਲਿਆ ਕੇ ਪ੍ਰਚਾਰ ਕਰਨ ’ਚ ਵੀ ਹਾਲੇ ਪਾਰਟੀ ਨੂੰ ਕਾਮਯਾਬੀ ਨਹੀਂ ਮਿਲੀ ਹੈ। ਇਸੇ ਕਰਕੇ ਪੰਜਾਬ ਦੇ ਲਗਪਗ ਦਸ ਵਿਧਾਇਕ ਆਪੋ-ਆਪਣੇ ਹਲਕਿਆਂ ਵਿੱਚ ਹੀ ਚੋਣ ਪ੍ਰਚਾਰ ਕਰਨ ’ਚ ਲੱਗੇ ਹੋਏ ਹਨ। ‘ਆਪ’ ਕੋਲ ਵੱਡੇ ਆਗੂਆਂ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦਆ, ਜਰਨੈਲ ਸਿੰਘ ਤੇ ਰਾਘਵ ਚੱਢਾ ਹਨ। ਇਹ ਆਗੂ ਹਿੰਦੀ ਬੋਲਦੇ ਹਨ।

‘ਆਪ’ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਰਿਵਾਇਤੀ ਪਾਰਟੀਆਂ ਨੇ ਸੂਬੇ ਨੂੰ ਲੁੱਟਦੀਆਂ ਆ ਰਹੀਆਂ ਹਨ। ‘ਆਪ’ ਲੋਕਾਂ ਦੀ ਆਵਾਜ਼ ਬਣ ਕੇ ਉੱਭਰ ਰਹੀ ਹੈ। ਇਸ ਲਈ ਪਾਰਟੀ ਨੂੰ ਚੋਣ ਪ੍ਰਚਾਰ ਲਈ ਕੋਈ ਵੱਡੇ ਆਗੂਆਂ ਦੀ ਨਹੀਂ, ਸਗੋਂ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ।

ਇਥੇ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,‘‘ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਲਈ ‘ਆਪ’ ਵੱਲੋਂ ਕਰਵਾਏ ਸਰਵੇ ’ਤੇ ਸਵਾਲ ਚੁੱਕਣ ਵਾਲੀ ਕਾਂਗਰਸ ਅੱਜ ਸਾਡੀ ਨਕਲ ਕਰ ਰਹੀ ਹੈ। ਜਦੋਂ ਕਿ ਕਾਂਗਰਸ ਪਾਰਟੀ ’ਚ ਫੁੱਟ ਦੇ ਡਰ ਕਾਰਨ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ’ਚ ਦੇਰੀ ਕੀਤੀ ਜਾ ਰਹੀ ਹੈ। ਕਾਂਗਰਸ ਹਾਈ ਕਮਾਨ ਅਜੇ ਵੀ ਇਸ ਸ਼ੰਕੇ ਵਿੱਚ ਹੈ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇ ਜਾਂ ਦੂਜੇ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਦੋ-ਤਿੰਨ ਆਗੂਆਂ ਦੇ ਨਾਂ ’ਤੇ ਚੋਣ ਲੜੇ।’’ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੂਡ ਦੇਖ ਕੇ ਕਾਂਗਰਸ ਚਿੰਤਾ ਵਿੱਚ ਡੁੱਬ ਗਈ ਹੈ। ਇਸ ਕਰਕੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਤੋਂ ਬਾਅਦ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਲਈ 6 ਫਰਵਰੀ ਦਾ ਦਿਨ ਰੱਖਿਆ ਗਿਆ ਹੈ। ਕਾਂਗਰਸ ਨੂੰ ਡਰ ਹੈ ਕਿ ਜੇਕਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਪਹਿਲਾਂ ਕਰ ਦਿੱਤਾ ਗਿਆ ਤਾਂ ਕਾਂਗਰਸ ’ਚ ਵਿਰੋਧੀ ਧੜਿਆਂ ਦੇ ਉਮੀਦਵਾਰ ਵੱਡੀ ਗਿਣਤੀ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲੈਣਗੇ। ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਤੇ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਥੇਦਾਰ ਰਣਜੀਤ ਸਿੰਘ ਖੋਜੇਵਾਲ ਵੱਲੋਂ ਸ਼ਹਿਰ ਦੇ ਮੁਹੱਲਿਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ
Next articleਐੱਚ ਐੱਸ ਹੰਸਪਾਲ ‘ਆਪ’ ਵਿੱਚ ਸ਼ਾਮਲ