ਗੁਹਾਟੀ (ਸਮਾਜਵੀਕਲੀ) – ਕੋਵਿਡ 19 ਹਸਪਤਾਲਾਂ ਨੂੰ ਨਜ਼ਰਬੰਦ ਕੇਂਦਰਾਂ ਤੋਂ ਵੀ ਮਾੜਾ ਕਹਿਣਾ, ਅਸਾਮ ਦੇ ਵਿਧਾਇਕ ਨੂੰ ਮਹਿੰਗਾ ਪਿਆ। ਅਜਿਹਾ ਬਿਆਨ ਦੇਣ ਦੇ ਦੋਸ਼ ਹੇਠ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਬਾਈ ਪੁਲੀਸ ਮੁਖੀ ਭਾਸਕਰ ਜਯੋਤੀ ਮਹਾਨਤਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਢੀਂਗ ਵਿਧਾਨ ਸਭਾ ਹਲਕੇ ਤੋਂ ਆਲ ਇੰਡੀਆ ਯੂਨਾਈਟਡ ਡੈਮੋਕ੍ਰੇਟਿਕ ਫਰੰੰਟ ਦੇ ਵਿਧਾਇਕ ਅਮੀਨਲ ਇਸਲਾਮ ਨੂੰ ਮੁੱਢਲੀ ਜਾਂਚ ਮਗਰੋਂ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗ਼ੌਰਤਲਬ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਆਡੀਓ ਕਲਿੱਪ ਵਾਇਰਲ ਹੋਈ ਹੈ ਜਿਸ ਵਿੱਚ ਇਸਲਾਮ ਤੇ ਇਕ ਹੋਰ ਵਿਅਕਤੀ ਦੀ ਗੱਲਬਾਤ ਰਿਕਾਰਡ ਹੈ। ਇਸ ਆਡੀਓ ਵਿੱਚ ਵਿਧਾਇਕ ਇਕਾਂਤਵਾਸ ਸਹੂਲਤਾਂ ਤੇ ਹਸਪਤਾਲਾਂ ਦੇ ਘਟੀਆ ਪ੍ਰਬੰਧਾਂ ਦਾ ਜ਼ਿਕਰ ਕਰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਇਹ ਹਸਪਤਾਲ ਨਜ਼ਰਬੰਦ ਕੇਂਦਰਾਂ ਤੋਂ ਵੀ ਮਾੜੇ ਹਨ।
ਜ਼ਿਕਰਯੋਗ ਹੈ ਕਿ ਅਸਾਮ ਵਿੱਚ ਗ਼ੈਰਕਾਨੂੰਨੀ ਪਰਵਾਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਿਮ ਹਨ, ਨੂੰ ਨਜ਼ਰਬੰਦ ਕੇਂਦਰਾਂ ਵਿੱਚ ਰੱਖਿਆ ਗਿਆ ਹੈ। ਇਹ ਵਿਅਕਤੀ ਵਿਵਾਦਿਤ ਕੌਮੀ ਨਾਗਰਿਕ ਰਜਿਸਟਰ ਵਿੱਚ ਸ਼ਾਮਿਲ ਨਹੀਂ ਹੋਏ ਸਨ। ਪੁਲੀਸ ਮੁਖੀ ਨੇ ਦੱਸਿਆ ਕਿ ਉਨ੍ਹਾਂ ਇਸਲਾਮ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ, ਫਿਰਕੂਵਾਦ ਆਦਿ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।