ਕਰੋਨਾ: ਲੁਧਿਆਣਾ ’ਚ ਮਰੀਜ਼ਾਂ ਦੀ ਗਿਣਤੀ 7 ਹੋਈ

ਲੁਧਿਆਣਾ (ਸਮਾਜਵੀਕਲੀ)ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਨਅਤੀ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਉਨ੍ਹਾਂ ਨੇ ਲੌਕਡਾਊਨ ਦੌਰਾਨ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਹਾਲੇ ਵੀ ਕੁਝ ਮੁਹੱਲਿਆਂ ਅਤੇ ਬਸਤੀਆਂ ਦੇ ਲੋਕ ਘਰੋਂ ਬਾਹਰ ਨਿਕਲ ਕੇ ਘੁੰਮਦੇ ਹਨ, ਜੋ ਗ਼ਲਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਏ ਗਏ 384 ਨਮੂਨਿਆਂ ਵਿੱਚੋਂ 329 ਨਮੂਨਿਆਂ ਦੇ ਨਤੀਜੇ ਆ ਗਏ ਹਨ, ਜਿਨ੍ਹਾਂ ਵਿੱਚੋਂ 322 ਨੈਗੇਟਿਵ ਪਾਏ ਗਏ ਹਨ, ਜਦਕਿ 7 ਦੇ ਨਤੀਜੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਅੱਜ ਲੁਧਿਆਣਾ ਦੇ ਨੇੜੇ ਚੌਂਕੀਮਾਨ ਪਿੰਡ ਤੋਂ ਇੱਕ 55 ਸਾਲਾ ਵਿਅਕਤੀ ਕਰੋਨਾ ਪਾਜ਼ੇਟਿਵ ਆਇਆ ਹੈ, ਇਹ ਵਿਅਕਤੀ ਤਬਲੀਗੀ ਸਮਾਗਮ ਨਾਲ ਸਬੰਧਿਤ ਹੈ। ਲੁਧਿਆਣਾ ਵਿਚ ਹੁਣ ਤੱਕ ਤਬਲੀਗੀ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਦੋ ਵਿਅਕਤੀਆਂ ਦੇ ਨਮੂਨੇ ਪਾਜ਼ੇਟਿਵ ਆਏ ਹਨ।

ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਨਿੱਜੀ ਹਸਪਤਾਲਾਂ ਨੇ ਇਸ ਸੰਕਟ ਦੀ ਸਥਿਤੀ ਵਿੱਚ ਆਪਣੀਆਂ ਸਿਹਤ ਸੇਵਾਵਾਂ ਜਾਰੀ ਨਾ ਰੱਖੀਆਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਪੱਸ਼ਟ ਹਦਾਇਤਾਂ ਹਨ ਕਿ ਕੋਈ ਵੀ ਨਿੱਜੀ ਹਸਪਤਾਲ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ।

ਡੀਸੀ ਅਗਰਵਾਲ ਨੇ ਦੱਸਿਆ ਕਿ ਆਗਾਮੀ ਕਣਕ ਦੀ ਵਾਢੀ ਨੂੰ ਧਿਆਨ ਵਿੱਚ ਰੱਖ ਕੇ ਪ੍ਰਸਾਸ਼ਨ ਵੱਲੋਂ ਹੁਣੇ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮ ਰਾਹੀਂ ਅਫਵਾਹਾਂ ਫੈਲਾਏਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਸੀ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਵੈਰੀਫਾਈ ਕੀਤਿਆਂ ਕੋਈ ਵੀ ਖ਼ਬਰ ਅੱਗੇ ਨਾ ਸਾਂਝੀ ਕਰਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਿਤੀ ਪੂਰਨ ਰੂਪ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦੇ ਕਾਬੂ ਹੇਠ ਹੈ।

Previous articleਕਮਲ ਹਾਸਨ ਵੱਲੋਂ ਤਾਲਾਬੰਦੀ ਦਾ ਫ਼ੈਸਲਾ ਗਲਤ ਕਰਾਰ
Next articleਸੈਕਟਰ-17 ਸਥਿਤ ਆਈਲੈਟਸ ਇੰਸਟੀਚਿਊਟ ’ਚ ਅੱਗ ਲੱਗੀ