ਕਰੋਨਾ: ਭਾਰਤ ਵਿਚ ਰਿਕਾਰਡ 4,187 ਮੌਤਾਂ

  • ਇਕ ਦਿਨ ਵਿੱਚ 4,01,078 ਹੋਰ ਨਵੇਂ ਕੇਸ
  • ਹਸਪਤਾਲਾਂ ਤੇ ਨਰਸਿੰਗ ਹੋਮਜ਼ ਨੂੰ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਦੋ ਲੱਖ ਤੋਂ ਵੱਧ ਤੱਕ ਦੀ ਰਾਸ਼ੀ ਨਕਦ ਲੈਣ ਦੀ ਮਨਜ਼ੂਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਵਿਚ ਅੱਜ ਕਰੋਨਾਵਾਇਰਸ ਕਾਰਨ ਰਿਕਾਰਡ 4,187 ਮੌਤਾਂ ਹੋਈਆਂ ਜਿਸ ਨਾਲ ਇਸ ਮਹਾਮਾਰੀ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ ਅੰਕੜਾ ਵਧ ਕੇ 2,38,270 ’ਤੇ ਪਹੁੰਚ ਗਿਆ ਹੈ ਜਦਕਿ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ 4,01,078 ਨਵੇਂ ਕੇਸ ਸਾਹਮਣੇ ਆਏ ਹਨ ਤੇ ਇਸ ਨਾਲ ਹੁਣ ਤੱਕ ਦੇਸ਼ ਵਿਚ ਕਰੋਨਾਵਾਇਰਸ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ 2,18,92,676 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜੇ ਦਿਖਾਉਂਦੇ ਹਨ ਕਿ ਕਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਭਾਰੀ ਵਾਧੇ ਕਾਰਨ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 37,23,446 ਹੋ ਗਈ ਹੈ ਜੋ ਕਿ ਕੁੱਲ ਕੇਸਾਂ ਦਾ 17.01 ਫ਼ੀਸਦ ਹੈ ਜਦਕਿ ਕਰੋਨਾ ਤੋਂ ਉੱਭਰ ਕੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਡਿੱਗ ਕੇ 81.90 ਫ਼ੀਸਦ ’ਤੇ ਪਹੁੰਚ ਗਈ ਹੈ। ਹੁਣ ਤੱਕ ਕੁੱਲ 1,79,30,960 ਮਰੀਜ਼ ਇਸ ਬਿਮਾਰੀ ਤੋਂ ਉੱਭਰ ਕੇ ਤੰਦਰੁਸਤ ਹੋ ਚੁੱਕੇ ਹਨ।

ਦੇਸ਼ ਵਿਚ ਮੌਤਾਂ ਦੀ ਦਰ 1.09 ਫ਼ੀਸਦ ਦਰਜ ਕੀਤੀ ਗਈ ਹੈ। ਇਸੇ ਦੌਰਾਨ ਆਮਦਨ ਕਰ ਵਿਭਾਗ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਨੂੰ 2 ਲੱਖ ਰੁਪਏ ਜਾਂ ਇਸ ਤੋਂ ਵੱਧ ਨਕਦ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਜਿਸ ਨੇ ਵਿਭਾਗ ਲਈ ਇਹ ਨੀਤੀ ਬਣਾਈ ਹੈ, ਵੱਲੋਂ ਸ਼ੁੱਕਰਵਾਰ ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ।

ਇਸ ਵਿਚ ਕਿਹਾ ਗਿਆ ਹੈ ਕਿ ਹਸਪਤਾਲਾਂ, ਡਿਸਪੈਂਸਰੀਆਂ, ਨਰਸਿੰਗ ਹੋਮਜ਼, ਕੋਵਿਡ ਕੇਅਰ ਸੈਂਟਰਾਂ ਜਾਂ ਇਸੇ ਤਰ੍ਹਾਂ ਦੇ ਹੋਰ ਸਿਹਤ ਕੇਂਦਰ ਜੋ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਨੂੰ ‘ਆਮਦਨ ਕਰ ਐਕਟ ਦੀ ਧਾਰਾ 269ਐੱਸਟੀ ਤੋਂ ਛੋਟ ਦਿੱਤੀ ਜਾਂਦੀ ਹੈ। ਨੋਟੀਫਿਕੇਸ਼ਨ ਅਨੁਸਾਰ ਇਹ ਤਾਜ਼ਾ ਪ੍ਰਬੰਧ ਪਹਿਲੀ ਅਪਰੈਲ ਤੋਂ 31 ਮਈ ਤੱਕ ਲਈ ਕੀਤਾ ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਵਿੰਦਰ ਰੂਹੀ ਤੇ ਸੁਦੇਸ਼ ਕੁਮਾਰੀ ਦਾ ਟ੍ਰੈਕ “ਬੌਡੀਗਾਰਡ ” ਅੱਜ ਹੋਵੇਗਾ ਰਿਲੀਜ਼
Next articleਮਹਾਰਾਸ਼ਟਰ ਵਿਚ ਦੋ ਡਾਕਟਰਾਂ ’ਤੇ ਹਮਲਾ