ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ’ਚ ਦੋ ਕੁ ਦਿਨਾਂ ਦੀ ਰਾਹਤ ਮਗਰੋਂ ਅੱਜ ਫਿਰ ਚਕਰੋਨਾ ਲਾਗ ਤੋਂ ਪ੍ਰਭਾਵਿਤ 16 ਵਿਅਕਤੀ ਸਾਹਮਣੇ ਆਏ ਹਨ। ਇਸ ਤਰ੍ਹਾਂ ਸੂਬੇ ਵਿੱਚ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਕੇ 2045 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਇਸ ਲਾਗ ਦੀ ਭੇਟ ਚੜ੍ਹਨ ਵਾਲੇ ਵਿਅਕਤੀਆਂ ਦੀ ਗਿਣਤੀ 39 ਹੀ ਦੱਸੀ ਹੈ ਜਦੋਂ ਕਿ ਗ਼ੈਰ-ਸਰਕਾਰੀ ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਕਰੋਨਾ ਨਾਲ ਇੱਕ ਵਿਅਕਤੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ ਵੀ 40 ਹੋ ਗਈ ਹੈ।
ਪੰਜਾਬ ’ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਸੂਬੇ ’ਚ ਸਾਹਮਣੇ ਆਏ ਕੁੱਲ 2045 ਮਰੀਜ਼ਾਂ, ਜੋ ਇਸ ਵਾਇਰਸ ਦਾ ਸ਼ਿਕਾਰ ਹੋਏ ਸਨ, ਵਿੱਚੋਂ 1870 ਨੂੰ ਠੀਕ ਹੋਣ ਮਗਰੋਂ ਛੁੱਟੀ ਮਿਲ ਚੁੱਕੀ ਹੈ।
ਪੰਜਾਬ ’ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅਨੁਪਾਤ ਭਾਵੇਂ ਕੌਮੀ ਅਨੁਪਾਤ ਨਾਲੋਂ ਘੱਟ ਸੀ ਪਰ ਸੂਬਾ ਸਿਹਤ ਵਿਭਾਗ ਨੇ ਆਈਸੀਐੱਮਆਰ ਦੀਆਂ ਨਵੀਆਂ ਸੇਧਾਂ ਨੂੰ ਅਪਣਾਉਂਦਿਆਂ ਜ਼ਾਹਿਰਾ ਤੌਰ ’ਤੇ ਕਰੋਨਾ ਦੇ ਲੱਛਣ ਨਾ ਹੋਣ ’ਤੇ ਵੀ ਮਰੀਜ਼ਾਂ ਨੂੰ ਘਰੀਂ ਤੋਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੀ 23 ਵਿਅਕਤੀਆਂ ਵੱਲੋਂ ਕਰੋਨਾ ’ਤੇ ਫ਼ਤਹਿ ਪਾਉਣ ਦਾ ਦਾਅਵਾ ਕੀਤਾ ਗਿਆ ਹੈ।
ਲੰਘੇ ਇੱਕ ਦਿਨ ਦੌਰਾਨ ਅੰਮ੍ਰਿਤਸਰ ਵਿੱਚ 4, ਪਟਿਆਲਾ ਅਤੇ ਜਲੰਧਰ ਵਿੱਚ 3-3, ਲੁਧਿਆਣਾ, ਬਠਿੰਡਾ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ ਅਤੇ ਮੁਕਤਸਰ ਵਿੱਚ ਇੱਕ-ਇੱਕ ਮਰੀਜ਼ ਕਰੋਨਾ ਲਾਗ ਦੀ ਲਪੇਟ ’ਚ ਆਇਆ ਹੈ। ਇਨ੍ਹਾਂ 16 ਮਾਮਲਿਆਂ ਵਿੱਚ ਸਿਹਤ ਵਿਭਾਗ ਦੇ 4 ਮੁਲਾਜ਼ਮ ਅਤੇ ਦੂਜੇ ਰਾਜਾਂ ਤੋਂ ਆਏ ਵਿਅਕਤੀ ਸ਼ਾਮਲ ਹਨ।
ਇਸੇ ਦੌਰਾਨ ਸਿਹਤ ਵਿਭਾਗ ਨੇ ਦੱਸਿਆ ਕਿ ਲੁਧਿਆਣਾ ’ਚ ਰੇਲਵੇ ਪ੍ਰੋਟੈਕਸ਼ਨ ਫੋਰਸ ਨਾਲ ਸਬੰਧਤ 6 ਵਿਅਕਤੀਆਂ ’ਚ ਲਾਗ ਦੇ ਲੱਛਣਾਂ ਦੀ ਪੁਸ਼ਟੀ ਹੋਈ ਹੈ। ਇਹ ਮਾਮਲੇ ਵੀ ਪਹਿਲਾਂ ਵਾਂਗ ਪੰਜਾਬ ਦੇ ਕੇਸਾਂ ’ਚ ਨਹੀਂ ਮੰਨੇ ਗਏ। ਸੰਗਰੂਰ, ਰੋਪੜ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਮੋਗਾ ਅਤੇ ਮੁਹਾਲੀ ਜ਼ਿਲ੍ਹਿਆਂ ’ਚ ਇਸ ਸਮੇਂ ਕੋਈ ਵੀ ਮਰੀਜ਼ ਜ਼ੇਰੇ ਇਲਾਜ ਨਹੀਂ ਹੈ ਜਦਕਿ ਬਠਿੰਡਾ, ਤਰਨ ਤਾਰਨ, ਮੁਕਤਸਰ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਕਰੋਨਾ ਪੀੜਤ ਇਲਾਜ ਅਧੀਨ ਹੈ।