ਲੁਧਿਆਣਾ (ਸਮਾਜਵੀਕਲੀ) : ਏਟੀਐੱਮ ਚੋਰੀ ਕਰਨ ਦੇ ਦੋਸ਼ ਹੇਠ ਚੌਕੀ ਕੰਗਣਵਾਲ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਕਰੋਨਾ ਰਿਪੋਰਟ ਬੀਤੇ ਦਿਨੀਂ ਪਾਜ਼ੇਟਿਵ ਆਉਣ ਮਗਰੋਂ ਸੁਣਵਾਈ ਦੌਰਾਨ ਅਦਾਲਤ ’ਚ ਮੌਜੂਦ 11 ਜਣਿਆਂ ਨੂੰ ਅੱਜ ਘਰਾਂ ’ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਸਾਰਿਆਂ ਦੇ ਸੈਂਪਲ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਕੰਗਣਵਾਲ ਚੌਕੀ ਦੀ ਪੁਲੀਸ ਵੱਲੋਂ ਚਰਨਜੀਤ ਸਿੰਘ ਪ੍ਰਿੰਸ ਤੇ ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਦੋਹਾਂ ਦੇ ਕਰੋਨਾ ਸੈਂਪਲ ਲੈ ਕੇ ਭੇਜੇ ਤਾਂ ਚਰਨਜੀਤ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ। ਮੁਲਜ਼ਮ ਦੇ ਕਰੋਨਾ ਪਾਜ਼ੇਟਿਵ ਆਉਣ ’ਤੇ ਕੰਗਣਵਾਲ ਚੌਕੀ ਦੇ 14 ਮੁਲਾਜ਼ਮਾਂ ਨੂੰ ਘਰਾਂ ’ਚ ਇਕਾਂਤਵਾਸ ਕਰ ਦਿੱਤਾ ਗਿਆ।
ਜਿਸ ਅਦਾਲਤ ’ਚ ਮੁਲਜ਼ਮਾਂ ਨੂੰ ਪੁਲੀਸ ਨੇ ਪੇਸ਼ ਕੀਤਾ ਸੀ, ਉਥੇ ਅਦਾਲਤ ’ਚ ਵੀ ਪੁਲੀਸ ਨੇ ਸੂਚਨਾ ਦਿੱਤੀ ਤਾਂ ਉਥੇ ਮੌਜੂਦ ਲੋਕਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ। ਇਸ ’ਚ ਰੀਡਰ ਯਸ਼ਪਾਲ, ਅਹਿਲਮਦ ਮਨਦੀਪ ਕੁਮਾਰ, ਅਹਿਲਮਦ ਕਮਲ ਦੇਵ, ਪਦਮ ਭੂਸ਼ਣ, ਜੱਜਮੈਂਟ ਰਾਈਟਰ ਨੇਹਾ, ਨਾਇਬ ਕੋਰਟ ਬਲਵਿੰਦਰ ਸਿੰਘ, ਨਾਇਬ ਕੋਰਟ ਹਰਦੀਪ ਸਿੰਘ, ਇੰਦਰਜੀਤ ਸਿੰਘ ਗੰਨਮੈਨ, ਓਮ ਪ੍ਰਕਾਸ਼, ਐਡਵੋਕੇਟ ਨਿਸ਼ਾ ਤੇ ਕੁਲਵਿੰਦਰ ਸਿੰਘ ਸ਼ਾਮਲ ਹਨ।