ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਅੱਜ ਕਿਹਾ ਕਿ ਕਰੋਨਾ ਲਾਗ ਦੀ ਰੋਕਥਾਮ ਲਈ ਵਿਸ਼ਵ ਪੱਧਰ ’ਤੇ ਹੁਣ ਤੱਕ ਵੰਡੇ ਲਗਪਗ ਦੋ ਅਰਬ ਟੀਕਿਆਂ ਵਿੱਚੋਂ 60 ਫ਼ੀਸਦੀ ਟੀਕੇ ਸਿਰਫ ਤਿੰਨ ਮੁਲਕਾਂ ਭਾਰਤ, ਚੀਨ ਅਤੇ ਅਮਰੀਕਾ ਨੂੰ ਮਿਲੇ ਹਨ।
ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬਰੀਆਸਿਸ ਦੇ ਸੀਨੀਅਰ ਸਲਾਹਕਾਰ ਬਰੂਸ ਅਲਵਰਡ ਨੇ ਇਹ ਖੁਲਾਸਾ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ’ਚ ਕੀਤਾ। ਉਨ੍ਹਾਂ ਕਿਹਾ, ‘ਇਸ ਹਫ਼ਤੇ ਸਾਨੂੰ ਦੋ ਅਰਬ ਤੋਂ ਵੱਧ ਟੀਕੇ ਮਿਲਣਗੇ… ਅਸੀਂ ਟੀਕਿਆਂ ਦੀ ਗਿਣਤੀ ਅਤੇ ਨਵੇਂ ਕਰੋਨਾ ਟੀਕੇ ਦੇ ਲਿਹਾਜ਼ ਨਾਲ ਜ਼ਿਕਰਯੋਗ ਦੋ ਅਰਬ ਟੀਕਿਆਂ ਦਾ ਅੰਕੜਾ ਪਾਰ ਕਰ ਕਰ ਲਵਾਂਗੇ। ਇਨ੍ਹਾਂ ਨੂੰ 212 ਤੋਂ ਵੱਧ ਮੁਲਕਾਂ ’ਚ ਵੰਡਿਆ ਗਿਆ ਹੈ।’
ਬਰੂਸ ਨੇ ਕਿਹਾ, ‘ਜੇਕਰ ਅਸੀਂ ਦੋ ਅਰਬ ਵੱਲ ਦੇਖੀਏ ਤਾਂ 75 ਫ਼ੀਸਦੀ ਤੋਂ ਵੱਧ ਖੁਰਾਕਾਂ ਸਿਰਫ 10 ਦੇਸ਼ਾਂ ਨੂੰ ਮਿਲੀਆਂ ਹਨ। ਇੱਥੋਂ ਤੱਕ ਕਿ 60 ਫ਼ੀਸਦੀ ਟੀਕੇ ਸਿਰਫ ਤਿੰਨ ਮੁਲਕਾਂ ਚੀਨ, ਅਮਰੀਕਾ ਤੇ ਭਾਰਤ ਨੂੰ ਮਿਲੇ ਹਨ।’ ਉਨ੍ਹਾਂ ਦੱਸਿਆ ਕਿ ਕੋਵੈਕਸ ਨੇ 127 ਦੇਸ਼ਾਂ ’ਚ ਕਰੋਨਾ ਰੋਕੂ ਟੀਕੇ ਵੰਡਣ ਅਤੇ ਕਈ ਦੇਸ਼ਾਂ ’ਚ ਟੀਕਾਕਰਨ ਮੁਹਿੰਮ ਸ਼ੁਰੂ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਦੋ ਅਰਬ ਟੀਕਿਆਂ ਵਿੱਚੋਂ ਅਮਰੀਕਾ, ਚੀਨ ਤੇ ਭਾਰਤ ਨੂੰ ਮਿਲੇ 60 ਫ਼ੀਸਦੀ ਟੀਕਿਆਂ ਨੂੰ ‘ਘਰੇਲੂ ਤੌਰ ’ਤੇ ਖ਼ਰੀਦਿਆ ਅਤੇ ਵਰਤਿਆ ਗਿਆ।’
ਬਰੂਸ ਨੇ ਦੱਸਿਆ, ‘ਜਦਕਿ ਸਿਰਫ਼ 0.5 ਫ਼ੀਸਦੀ ਟੀਕੇ ਹੀ ਘੱਟ ਆਮਦਨ ਵਾਲੇ ਦੇਸ਼ਾਂ, ਜੋ ਕਿ ਦੁਨੀਆ ਦੀ ਆਬਾਦੀ ਦਾ 10 ਫ਼ੀਸਦੀ ਹਿੱਸਾ ਹਨ, ਨੂੰ ਮਿਲੇ ਹਨ। ਹੁਣ ਸਮੱਸਿਆ ਇਹ ਹੈ ਕਿ ਟੀਕਿਆਂ ਦੀ ਸਪਲਾਈ ’ਚ ਵਿਘਨ ਪੈ ਰਿਹਾ ਹੈ। ਭਾਰਤ ਅਤੇ ਹੋਰ ਦੇਸ਼ਾਂ ’ਚ ਸਮੱਸਿਆ ਕਾਰਨ ਵਿਘਨ ਪੈ ਰਹੇ ਹਨ। ਸਪਲਾਈ ਦੀ ਪੂਰਤੀ ਕਰਨ ’ਚ ਮੁਸ਼ਕਲ ਹੋ ਰਹੀ ਹੈ।’ ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਸੀਰਮ ਇੰਸਟੀਚਿਊਟ ਆਫ ਇੰਡੀਆ ਘੱਟੋ-ਘੱਟੋ ਚੌਥੀ ਤਿਮਾਹੀ ’ਚ ਫਿਰ ਤੋਂ ਟੀਕਿਆਂ ਦੀ ਸਪਲਾਈ ਕਰੇਗਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly