ਨਵੀਂ ਦਿੱਲੀ (ਸਮਾਜਵੀਕਲੀ): ਭਾਰਤ ਵਿੱਚ ਅੱਜ ਇੱਕੋ ਦਿਨ ਕੋਵਿਡ-19 ਦੇ ਰਿਕਾਰਡ 12,881 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਪੀੜਤਾਂ ਦੀ ਗਿਣਤੀ 3,66,946 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਇਸ ਲਾਗ ਕਾਰਨ 334 ਲੋਕਾਂ ਦੀ ਜਾਨ ਗਈ ਹੈ ਜਿਸ ਨਾਲ ਕੁੱਲ ਮੌਤਾਂ ਦਾ ਅੰਕੜਾ 12,237 ਹੋ ਗਿਆ। ਜ਼ਿਕਰਯੋਗ ਹੈ ਕਿ ਅੱਜ ਲਗਾਤਾਰ 7ਵੇਂ ਦਿਨ ਦੇਸ਼ ਵਿੱਚ 10 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।
ਅੰਕੜਿਆਂ ਮੁਤਾਬਕ ਦੇਸ਼ ’ਚ ਪਹਿਲੀ ਜੂਨ ਤੋਂ 18 ਜੂਨ ਤੱਕ ਕਰੋਨਾ ਲਾਗ ਦੇ 1,76,411 ਕੇਸ ਸਾਹਮਣੇ ਆਏ ਹਨ। ਲੰਘੇ ਦੋ ਦਿਨਾਂ ਦੌਰਾਨ ਦੇਸ਼ ਵਿੱਚ ਕਰੋਨਾ ਕਾਰਨ ਮੌਤ ਦਰ 2.8 ਤੋਂ ਵਧ ਕੇ 3.3 ਫ਼ੀਸਦੀ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ਵਿੱਚ ਕਰੋਨਾ ਦੇ 1,60,384 ਸਰਗਰਮ ਕੇਸ ਹਨ ਜਦਕਿ 1,94,324 ਮਰੀਜ਼ ਠੀਕ ਹੋ ਚੁੱਕੇ ਹਨ।
ਇੱਕ ਅਧਿਕਾਰੀ ਨੇ ਦੱਸਿਅਾ ਕਿ ਦੱਸਿਆ ਕਿ ਹੁਣ ਤੱਕ ਲੱਗਪਗ 52.95 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਜੌਹਨ ਹਾਪਕਿਨਜ਼ ਯੂਨੀਵਰਸਿਟੀ, ਜੋ ਆਲਮੀ ਪੱਧਰ ’ਤੇ ਕਰੋਨਾ ਲਾਗ ਦੇ ਅੰਕੜੇ ਇਕੱਠੇ ਕਰ ਰਹੀ ਹੈ, ਮੁਤਾਬਕ ਭਾਰਤ ਇਸ ਲਾਗ ਨਾਲ ਮੌਤਾਂ ਦੇ ਮਾਮਲੇ ’ਚ ਦੁਨੀਆ ਦਾ 8ਵਾਂ ਸਭ ਤੋਂ ਵੱਧ ਪੀੜਤ ਮੁਲਕ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ ਕੇਂਦਰੀ ਅਰਧ ਸੁਰੱਖਿਆ ਬਲਾਂ ਦੇ 2,380 ਤੋਂ ਵੱਧ ਜਵਾਨ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ 17 ਦੀ ਮੌਤ ਹੋਈ ਹੈ।