ਜੂਨ 2021 ਤਕ ਡੀਏ ’ਚ ਵਾਧਾ ਨਾ ਕਰਨ ਦਾ ਐਲਾਨ
ਨਵੀਂ ਦਿੱਲੀ (ਸਮਾਜਵੀਕਲੀ) – ਕੇਂਦਰ ਸਰਕਾਰ ਨੇ ਆਪਣੇ 1.1 ਕਰੋੜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ (ਡੀਆਰ) ਦੀਆਂ ਕਿਸ਼ਤਾਂ ’ਤੇ ਜੂਨ 2021 ਤਕ ਰੋਕ ਲਗਾ ਦਿੱਤੀ ਹੈ। ਇਹ ਕਦਮ ਸੂਬਿਆਂ ਵੱਲੋਂ ਵੀ ਉਠਾਏ ਜਾਣ ਦੀ ਸੰਭਾਵਨਾ ਹੈ।
ਇਸ ਨਾਲ ਸਰਕਾਰ ਨੂੰ 1.2 ਲੱਖ ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਇਹ ਰਕਮ ਕਰੋਨਾਵਾਇਰਸ ਸੰਕਟ ਨਾਲ ਸਿੱਝਣ ’ਚ ਲਗਾਈ ਜਾ ਸਕਦੀ ਹੈ। ਪਿਛਲੇ ਮਹੀਨੇ ਸਰਕਾਰ ਨੇ ਆਪਣੇ 50 ਲੱਖ ਮੁਲਾਜ਼ਮਾਂ ਅਤੇ 61 ਲੱਖ ਪੈਨਸ਼ਨਰਾਂ ਲਈ ਪਹਿਲੀ ਜਨਵਰੀ 2020 ਤੋਂ ਡੀਏ ’ਚ 4 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਸੀ। ਇਸ ਨਾਲ ਸਰਕਾਰ ’ਤੇ ਮੌਜੂਦਾ ਵਿੱਤੀ ਵਰ੍ਹੇ 2020-21 ’ਚ 27,100 ਕਰੋੜ ਰੁਪਏ ਦਾ ਬੋਝ ਪੈਣਾ ਸੀ।