ਕਰੋਨਾ: ਚੀਨ ਬਾਕੀ ਮੁਲਕਾਂ ਨਾਲ ਵਧੇਰੇ ਸਹਿਯੋਗ ਲਈ ਤਿਆਰ

ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਜਾਨਲੇਵਾ ਕਰੋਨਾਵਾਇਰਸ ਮਹਾਮਾਰੀ ਦੇ ਆਲਮੀ ਖ਼ਤਰੇ ਨਾਲ ਨਜਿੱਠਣ ਲਈ ਚੀਨ ਦੁਨੀਆ ਦੇ ‘ਬਾਕੀ ਮੁਲਕਾਂ ਨਾਲ ਰਲ ਕੇ’ ਵਧੇਰੇ ਸਹਿਯੋਗ ਲਈ ਤਿਆਰ ਹੈ। ਸ਼ੀ ਨੇ ਵੀਰਵਾਰ ਦੇਰ ਰਾਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ।
ਚੀਨੀ ਆਗੂ ਨੇ ਕਿਹਾ ਹੈ ਕਿ ਪੇਈਚਿੰਗ ‘ਰੂਸ ਤੇ ਹੋਰਾਂ ਦੇਸ਼ਾਂ ਨਾਲ ਮਿਲ ਕੇ ਇਕਜੁੱਟ ਯਤਨ ਕਰਨ ਦਾ ਚਾਹਵਾਨ ਹੈ ਤਾਂ ਕਿ ਇਸ ਆਲਮੀ ਸਿਹਤ ਖ਼ਤਰੇ ਨੂੰ ਟਾਲਿਆ ਜਾ ਸਕੇ।’ ਸ਼ੀ ਨੇ ਪੂਤਿਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਕੋਲ ਇਸ ਮਹਾਮਾਰੀ ’ਤੇ ਜਿੱਤ ਪ੍ਰਾਪਤ ਕਰਨ ਦਾ ਭਰੋਸਾ, ਸਮਰੱਥਾ ਤੇ ਹੋਰ ਸਰੋਤ ਮੌਜੂਦ ਹਨ। ਦੱਸਣਯੋਗ ਹੈ ਕਿ ਚੀਨ ਦੀ ਵਾਇਰਸ ਫੈਲਣ ’ਤੇ ਜਲਦੀ ਕਾਰਵਾਈ ਨਾ ਕਰਨ ਅਤੇ ਲੋੜੀਂਦੀ ਜਾਣਕਾਰੀ ਜਨਤਕ ਨਾ ਕਰਨ ਲਈ ਨਿਖੇਧੀ ਕੀਤੀ ਜਾ ਰਹੀ ਹੈ। ਸੰਸਾਰ ਨੂੰ ਬੀਮਾਰੀ ਬਾਰੇ ਜਲਦੀ ਜਾਣਕਾਰੀ ਨਾ ਦੇਣ ਦਾ ਦੋਸ਼ ਲਾਉਂਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਚੀਨ ਦੀ ਨਿੰਦਾ ਕੀਤੀ ਹੈ। ਜਦਕਿ ਰਾਸ਼ਟਰਪਤੀ ਟਰੰਪ ਨੂੰ ਅਮਰੀਕਾ ’ਚ ਸੰਕਟ ਦਾ ਜਵਾਬ ਢੁੱਕਵੇਂ ਢੰਗ ਨਾਲ ਨਾ ਦੇਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੰਪ ਨੇ ਕਿਹਾ ਕਿ ਸੰਸਾਰ ਚੀਨ ਵੱਲੋਂ ‘ਜਾਣਕਾਰੀਆਂ ਲੁਕਾਉਣ’ ਦਾ ਮੁੱਲ ਤਾਰ ਰਿਹਾ ਹੈ। ਚੀਨ ਨੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਾਰੇ ‘ਸੰਕਟ ਦੀ ਜ਼ਿੰਮੇਵਾਰੀ ਚੀਨ ਸਿਰ ਮੜ੍ਹਨ’ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਚੀਨ ਦੇ ਵੂਹਾਨ ’ਚ ਪੈਦਾ ਹੋਏ ਵਾਇਰਸ ’ਤੇ ਦੋਵਾਂ ਮੁਲਕਾਂ ਵਿਚਾਲੇ ਸ਼ਬਦੀ ਜੰਗ ਮਘੀ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਨੇ ਕਿਹਾ ਹੈ ਕਿ ਚੀਨ ਖ਼ੁਦ ਵਾਇਰਸ ਖ਼ਿਲਾਫ਼ ਜੰਗ ਲੜ ਰਿਹਾ ਹੈ, ਅਮਰੀਕਾ ਦਾ ਬਿਆਨ ਚੀਨੀ ਲੋਕਾਂ ਵੱਲੋਂ ਮਨੁੱਖਤਾ ਲਈ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਦਾ ਨਿਰਾਦਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਪੂਰੇ ਸੰਕਟ ਦੌਰਾਨ ਚੀਨ ਨੇ ਅਮਰੀਕਾ ਨਾਲ ਜਾਣਕਾਰੀ ਸਾਂਝੀ ਕੀਤੀ ਹੈ।

Previous articleਫੁਟਬਾਲਰ ਪੀ.ਕੇ. ਬੈਨਰਜੀ ਦਾ ਦੇਹਾਂਤ
Next articleਬਾਲੀਵੁਡ ਸਿੰਗਰ ਕਨਿਕਾ ਕਪੂਰ ‘ਤੇ ਕੇਸ ਦਰਜ -ਕਰੋਨਾ ਪਾਜ਼ਿਟਿਵ ਹੋਣ ਦੇ ਬਾਵਜੂਦ ਡਿਨਰ ਪਾਰਟੀਆਂ ‘ਚ ਘੁੰਮਦੀ ਰਹੀ