ਕਰੋਨਾ – ਗ਼ਜ਼ਲ

ਪ੍ਰਿੰ ਕੇਵਲ ਸਿੰਘ ਰੱਤੜਾ

(ਸਮਾਜ ਵੀਕਲੀ)

ਮਾਰੂਥਲ ਦੀਆਂ ਗਿਰਝਾਂ, ਜੀਕਣ ਚੀਕਾਂ ਮਾਰਦੀਆਂ ।
ਸੁਪਨਿਆਂ ਅੰਦਰ ਡਰ ਦੀਆਂ ਬਿੜਕਾਂ ਲਹੂ ਨੂੰ ਠਾਰ ਦੀਆਂ ।

ਪਾਣੀ, ਹਵਾ ਤੇ ਧਰਤੀ ਬਖਸ਼ੀ, ਕੁਦਰਤੇ ਕਾਦਰ ਨੇ,
ਸਾਹਵਾਂ ਵੀ ਬਣ ਗਈਆਂ, ਵਸਤੁ ਵਪਾਰ ਦੀਆਂ।

ਜੀਹਨੂੰ ਲੋਕੀਂ ਕਹਿਣ ਦੇਵਤੇ, ਰਲਕੇ ਉਹਨਾਂ ਹੀ,
ਦੈਂਤਾਂ ਮੱਲੀਆਂ ਥਾਵਾਂ ਚੌਂਕਾਂ ਵਿੱਚ ਬਾਜ਼ਾਰ ਦੀਆਂ ।

ਚੋਰ ਲੁਟੇਰੇ, ਮਹਾਂਮਾਰੀ ਦੇ ਰਾਖੇ ਬਣ ਗਏ ਨੇ
ਘੜਦੇ ਬਾਤਾਂ, ਪਰਜਾ ਸਿਰਫ ਹੀ ਜ਼ਿੰਮੇਵਾਰ ਦੀਆਂ ।

ਵਹਿਮ, ਸਹਿਮ ਤੇ ਭਰਮ ਦੇ ਬੱਦਲ ਗੱਜਦੇ ਨੇ,
ਲੋਕੀਂ ਭੁੱਲ ਗਏ ਗੱਲਾਂ ਪ੍ਰੇਮ ਪਿਆਰ ਦੀਆਂ।

ਰੁੱਖ ਕੱਟਕੇ, ਪੱਥਰੀ ਘਰਾਂ ‘ਚ, ਪੱਥਰ ਬਣ ਗਏ ਆਂ,
ਛਾਂਵਾਂ ਉੱਡੀਆਂ, ਗਿਣਤੀਆਂ ਸਾਹਵਾਂ ਦੀ ਰਫਤਾਰ ਦੀਆਂ।

ਕੀਹਦੇ ਗਲ੍ਹ ਲੱਗ ਰੋਈਏ, ਮਾਵਾਂ ਵਰਗਾ ਕੌਣ ਦਿਸੇ,
ਕਈ ਕਲਮਾਂ ਟੁੱਟ ਗਈਆਂ, ਵਕਤ ਸੁਧਾਰ ਦੀਆਂ ।

ਸੋਗੀ ਖ਼ਬਰਾਂ ਛੱਡਕੇ ਭਾਲ ਲੈ ਰੂਹ ਕੋਈ ਦਰਦੀ ਨੂੰ
‘ਰੱਤੜਾ’ ਮਰਜਾਂ ਲੱਭੇ ਜਿਹੜਾ ਦਿਲੇ ਬੀਮਾਰ ਦੀਆਂ

– ਕੇਵਲ ਸਿੰਘ ਰੱਤੜਾ

Previous articleਸਿੱਖਿਆ ਮੰਤਰੀ ਵੱਲੋਂ ਮੀਟਿੰਗ ਮੁਲਤਵੀ; ਅਧਿਆਪਕ ਨਾਰਾਜ਼
Next articleਦੇਸ਼ ’ਚ ਕਰੋਨਾ ਦੇ ਰਿਕਾਰਡ 414188 ਨਵੇਂ ਮਾਮਲੇ ਤੇ 3915 ਮੌਤਾਂ