ਕਰੋਨਾ ਕਾਰਨ ਹੱਜ ਲਈ ਨਹੀਂ ਜਾਣਗੇ ਭਾਰਤੀ ਮੁਸਲਮਾਨ

ਨਵੀਂ ਦਿੱਲੀ (ਸਮਾਜਵੀਕਲੀ):   ਸਾਊਦੀ ਅਰਬ ਦੇ ਸੁਝਾਅ ਮਗਰੋਂ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਭਾਰਤ ’ਚੋਂ ਮੁਸਲਿਮ ਨਾਗਰਿਕ 2020 ਦੇ ਹੱਜ ਲਈ ਨਹੀਂ ਜਾਣਗੇ। ਸਾਊਦੀ ਅਰਬ ਨੇ ਦੁਨੀਆ ਭਰ ਦੇ ਮੁਲਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਕਰੋਨਾਵਾਇਰਸ ਕਾਰਨ ਇਸ ਵਰ੍ਹੇ ਹੱਜ ਲਈ ਨਾਗਰਿਕਾਂ ਨੂੰ ਨਾ ਭੇਜਿਆ ਜਾਵੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਘੱਟ ਗਿਣਤੀਆਂ ਬਾਰੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਸਾਊਦੀ ਅਰਬ ਦੇ ਹੱਜ ਤੇ ਉਮਰਾਹ ਮੰਤਰੀ ਮੁਹੰਮਦ ਸਾਲੇਹ ਬਿਨ ਤਾਹਿਰ ਬੇਂਤਨ ਨੇ ਭਾਰਤ ਸਰਕਾਰ ਨੂੰ ਟੈਲੀਫੋਨ ਰਾਹੀਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਕੋਵਿਡ-19 ਸੰਕਟ ਦੇ ਮੱਦੇਨਜ਼ਰ ਇਸ ਸਾਲ ਹੱਜ ਲਈ ਭਾਰਤ ਤੋਂ ਯਾਤਰੀ ਨਾ ਭੇਜੇ ਜਾਣ। ਸਾਊਦੀ ਅਰਬ ਨੇ ਸੋਮਵਾਰ ਕਿਹਾ ਸੀ ਕਿ ਉਹ ਇਸ ਵਰ੍ਹੇ ਹੱਜ ਲਈ ਕੌਮਾਂਤਰੀ ਯਾਤਰੀਆਂ ਉਤੇ ਪਾਬੰਦੀ ਲਾ ਰਹੇ ਹਨ।

ਨਕਵੀ ਨੇ ਦੱਸਿਆ ਕਿ ਹੱਜ ਲਈ 2020 ’ਚ 2,13,000 ਅਰਜ਼ੀਆਂ ਮਿਲੀਆਂ ਸਨ। ਅਰਜ਼ੀਆਂ ਦੇ ਪੈਸੇ ਵਾਪਸ ਮੋੜਨ ਦੀ ਪ੍ਰਕਿਰਿਆ ਤੁਰੰਤ ਆਰੰਭ ਦਿੱਤੀ ਗਈ ਹੈ ਤੇ ਕੋਈ ਕਟੌਤੀ ਨਹੀਂ ਕੀਤੀ ਜਾ ਰਹੀ। ਨਕਵੀ ਨੇ ਦੱਸਿਆ ਕਿ ਅਾਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਭਾਰਤ ਤੋਂ ਹੱਜ ਲਈ ਯਾਤਰੀ ਸਾਊਦੀ ਅਰਬ ਨਹੀਂ ਜਾ ਰਹੇ ਕਿਉਂਕਿ ਮਹਾਮਾਰੀ ਕਾਰਨ ਸਥਿਤੀ ਹੀ ਅਜਿਹੀ ਬਣੀ ਹੋਈ ਹੈ। ‘ਮਹਿਰਮ’ (ਪੁਰਸ਼ ਸਾਥੀ) ਤੋਂ ਬਿਨਾਂ ਹੱਜ ਜਾਣ ਲਈ ਕਰੀਬ 2300 ਔਰਤਾਂ ਨੇ ਅਰਜ਼ੀਆਂ ਦਿੱਤੀ ਸੀ। ਹੁਣ ਉਨ੍ਹਾਂ ਨੂੰ 2021 ਵਿਚ ਇਸੇ ਅਰਜ਼ੀ ਦੇ ਅਧਾਰ ਉਤੇ ਜਾਣ ਦਿੱਤਾ ਜਾਵੇਗਾ।

Previous articleਪ੍ਰੱਗਿਆ ਠਾਕੁਰ ਬੇਹੋਸ਼ ਹੋਈ
Next articleਗਲਵਾਨ ਹਿੰਸਾ ਸਿਰਫ਼ ਗਸ਼ਤ ਦੌਰਾਨ ਹੋਈ ਝੜਪ ਨਹੀਂ: ਕੈਪਟਨ