ਕਰੋਨਾ ਕਾਰਨ ਆਨਲਾਈਨ ਪੜ੍ਹਾਈ ਕਿਥੋਂ ਤੱਕ ਰਹੀ ਲਾਭਦਾਇਕ ।

ਜਸਕੀਰਤ ਸਿੰਘ

(ਸਮਾਜ ਵੀਕਲੀ)

ਸਾਲ 2020 ਦੀ ਸ਼ੁਰੂਆਤ ਤਾਂ ਬਹੁਤ ਵਧੀਆ ਹੋਈ ਸੀ  , ਜਿਸ ਨੂੰ ਵੇਖ ਕੇ ਲੱਗਦਾ ਸੀ ਕਿ ਇਹ ਸਾਲ ਸੁੱਖਸ਼ਾਂਤੀ ਨਾਲ ਬੀਤ ਜਾਏਗਾ । ਪਰ ਸਾਲ ਦੇ ਸ਼ੁਰੂਆਤੀ ਮਹੀਨੇ ਮਾਰਚ ਵਿੱਚ ਹੀ ਮਹਾਮਾਰੀ ਕੋਵਿਡ-19 ਦੇ ਆਉਣ ਕਾਰਨ ਕੇਂਦਰ ਸਰਕਾਰ ਵੱਲੋਂ ਇਕ ਦਿਨ ਦਾ ਕਰਫਿਊ ਲਗਾਇਆ ਗਿਆ ਜੋ 22 ਮਾਰਚ ਦਿਨ ਐਤਵਾਰ ਦਾ ਸੀ । ਪਰ ਇਹ ਇੱਕ ਦਿਨ ਦਾ ਕਰਫਿਊ ਕਦੋਂ ਪੂਰੇ ਸਾਲ ਦਾ ਲੌਕ-ਡਾਊਨ ਨਿਯੁਕਤ ਹੋ ਗਿਆ ਪਤਾ ਹੀ ਨਾ ਲੱਗਾ ।

ਮਹਾਮਾਰੀ ਕੋਵਿਡ-19 ਦੇ ਇਸ ਲੋਕ-ਡਾਊਨ ਨੇ ਪੂਰੇ ਸੰਸਾਰ ਨੂੰ ਵੱਡਾ ਝਟਕਾ ਦੇ ਦਿੱਤਾ । ਜਿਸ ਦੇ ਕਾਰਨ ਸੰਸਾਰ ਦੀ ਆਰਥਿਕ ਹਾਲਤ ਤਰਸਯੋਗ ਹੋ ਗਈ । ਜਿਸ ਦਾ ਸਿੱਧਾ ਸਿੱਧਾ ਅਸਰ ਸੰਸਾਰ ਦੇ ਕੁੱਲ ਦੇਸ਼ਾਂ ਦੀ GDP ਨੂੰ ਵੇਖ ਪਤਾ ਲੱਗ ਜਾਂਦਾ ਹੈ  ।

ਜੇਕਰ ਗੱਲ ਕਰਿਏ ਭਾਰਤ ਦੇਸ਼ ਦੀ ਤਾਂ ਇਸ ਦੀ GDP ਰੇਖਾਂ ਤਾਂ 2014 ਤੋਂ ਹੀ ਸਾਲ ਦਰ ਸਾਲ ਹੇਠਾਂ ਆਉਂਦੀ ਨਜ਼ਰ ਆ ਰਹੀ ਹੈ । ਤੇ ਫਿਰ ਉੱਪਰੋਂ 2020 ਲੋਕ-ਡਾਊਨ  ਜਿਸਨੇ ਰਹਿੰਦੀ ਖੁੰਦੀ ਘਾਟ ਵੀ ਪੂਰੀ ਕਰ ਦਿੱਤੀ ਅਤੇ ਪੂਰੇ ਭਾਰਤ ਦੀ ਅਰਥਵਿਵਸਥਾ ਨੂੰ ਹੋਰ ਹੇਠਾਂ ਕਰ ਸਾਰੇ ਕੰਮ ਕਾਰ ਬੰਦ ਕਰਵਾ ਦਿੱਤੇ।  ਜਿਸ ਦਾ ਸਿੱਧਾ ਸਿੱਧਾ ਅਸਰ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਉੱਤੇ ਸਾਫ਼ ਸਾਫ਼ ਵੇਖਣ ਨੂੰ ਮਿਲਿਆ ।

ਮਹਾਮਾਰੀ ਕੋਵਿਡ-19 ਦੇ ਕਾਰਨ ਦੇਸ਼ ਵਿਚ ਇਕ ਤਰ੍ਹਾਂ ਦੀ ਭੁੱਖ ਮਰੀ ਫੈਲ ਗਈ ਸੀ । ਜਿਸ ਦਾ ਅਸਰ ਗ਼ਰੀਬ ਲੋਕਾਂ ਉਤੇ ਹੋਇਆ ਅਤੇ ਆਏ ਦਿਨ ਕੋਈ ਨਾ ਕੋਈ ਭੁੱਖ ਦੇ ਕਾਰਨ ਮਰ ਰਿਹਾ ਸੀ ।

ਇਸ ਲੋਕ-ਡਾਊਨ ਦਾ ਅਸਰ ਵੱਡੇ ਪੱਧਰ ਉੱਤੇ ਪੜ੍ਹਾਈ ਦੇ ਖੇਤਰ ਵਿੱਚ ਵੇਖ ਨੂੰ ਮਿਲਿਆ । ਜਿਸ ਦੇ ਕਾਰਨ ਸਾਰੇ ਦੇਸ਼ਾਂ ਦੇ ਸਕੂਲਾਂ ਅਤੇ ਕਾਲਜਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ । ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ।

ਜਿੱਥੇ ਸਾਲ ਦੇ ਅਗਸਤ ਮਹੀਨੇ ਤਕ ਤਾਂ ਸਾਰੇ ਵਿਦਿਆਰਥੀ ਪੜ੍ਹਾਈ ਤੋਂ ਦੂਰ ਰਹੇ ਉੱਥੇ ਹੀ ਭਾਰਤ ਦੇ ਸਕੂਲਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ‘ਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ । ਸਕੂਲ ਬੰਦ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਪੜ੍ਹਾਈ ਦੀ ਫ਼ੀਸ ਸਕੂਲਾਂ ਵਲੋਂ ਵਸੂਲਣੀ ਸ਼ੁਰੂ ਹੋ ਗਈ ।

ਜਿੱਥੇ ਪਹਿਲਾਂ ਹੀ ਲੋਕ-ਡਾਊਨ ਦੇ ਕਾਰਨ ਸਾਰਾ ਕੰਮ ਕਾਰ ਠੱਪ ਹੋ ਗਿਆ ਸੀ,ਜਿਸ ਕਾਰਨ ਲੋਕਾਂ ਦੀ ਆਰਥਿਕ ਹਾਲਤ ਬੜੀ ਮਾੜੀ ਹੋ ਗਈ । ਉੱਥੇ ਹੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਉੱਤੇ ਜ਼ਬਰਦਸੀ ਫੀਸ ਭਰਾਉਣ ਦਾ ਦਬਾਅ ਪਾਉਣਾ ਅਤੇ ਫ਼ੀਸ ਨਾ ਦੇਣ ਤੇ ਉਹਨਾਂ ਦੇ ਨਾਮ ਕਟ ਦੇਣੇ ਬਹੁਤ ਸ਼ਰਮਨਾਕ ਗੱਲ ਸੀ ।

ਇਨ੍ਹਾਂ ਹੀ ਨਹੀਂ ਜਦੋਂ ਮਾਪੇ ਸਕੂਲਾਂ ਵਾਲਿਆਂ ਦੇ ਜਾਲ ਵਿੱਚ ਨਾ ਆਏ ਤਾਂ ਸਕੂਲਾਂ ਵਾਲਿਆਂ ਵੱਲੋਂ ਆਨਲਾਈਨ ਪੜ੍ਹਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ । ਜਿਸ ਨਾਲ ਉਨ੍ਹਾਂ ਨੂੰ ਫੀਸ ਵਸੂਲਣ ਦਾ ਬਹਾਨਾ ਵੀ ਮਿਲ ਗਿਆ । ਪਰ ਇਹ ਆਨਲਾਈਨ ਪਡ਼੍ਹਾਈ ਵਿਦਿਆਰਥੀਆਂ ਲਈ ਕਿੱਥੋਂ ਤਕ ਲਾਭਦਾਇਕ ਸਿੱਧ ਹੋਈ ?

ਸਕੂਲਾਂ ਵੱਲੋਂ ਆਨਲਾਈਨ ਪੜ੍ਹਾਈ ਤਾਂ ਸ਼ੁਰੂ ਕਰਵਾ ਦਿੱਤੀ ਗਈ ਪਰ ਇਸ ਪੜ੍ਹਾਈ ਨੂੰ ਪੜ੍ਹਨ ਵਾਸਤੇ ਵੀ ਸਮਾਟਫੋਨ ਦੀ ਜ਼ਰੂਰਤ ਪੈਂਦੀ ਸੀ ਅਤੇ ਜੋ ਹੁਣ ਗ਼ਰੀਬ ਆਦਮੀ ਕੋਲ ਨਹੀਂ ਸੀ ਹੁੰਦਾ । ਜਿਸ ਦੇ ਕਾਰਨ ਹਰ ਇੱਕ ਗ਼ਰੀਬ ਇਨਸਾਨ ਨੂੰ ਮਜਬੂਰਨ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਸਮਾਟਫੋਨ ਦੀ ਖ਼ਰੀਦਦਾਰੀ ਕਰਨੀ ਪੈ ਗਈ ।

ਇਨ੍ਹਾਂ ਹੀ ਨਹੀਂ , ਸਗੋਂ ਸਿੱਖਿਆ ਵਿਭਾਗ ਪੰਜਾਬ ਵਲੋਂ ਹਰ ਰੋਜ਼ ਦੂਰਦਰਸ਼ਨ ਪੰਜਾਬੀ ਉੱਤੇ ਪੂਰਾ ਦਿਨ ਲਈ ਅਤੇ ਪਟਿਆਲਾ ਰੇਡੀਓ ਉੱਤੇ ਦੋ ਘੰਟੇ ਦੇ ਲਈ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੀ ਸਿਖਿਆ ਦੇਣੀ ਸ਼ੁਰੂ ਕੀਤੀ ਗਈ ਗਈ । ਪਰ ਇੱਥੇ ਹੁਣ ਇੱਕ ਵੱਡਾ ਸਵਾਲ ਏ ਵੀ ਉੱਠਦਾ ਹੈ , ਕਿ ਵਿਦਿਆਰਥੀਆਂ ਵਲੋਂ ਸੱਚ ਮੁੱਚ ਟੀ:ਵੀ ਦੇ ਰਾਹੀਂ ਸਹੀ ਤਰੀਕੇ ਨਾਲ ਪੜ੍ਹਾਈ ਕਰੀ ਜਾਂਦੀ ਸੀ ਜਾਂ ਫਿਰ ਬਸ ਸਮਾਟਫੋਨ ਦੀ ਤਰਾਂ ਫ਼ਜ਼ੂਲ ਹੀ ਸਮਾਂ ਬਰਬਾਦ ਕੀਤਾ ਜਾਂਦਾ ਸੀ । ਸਿੱਖਿਆ ਵਿਭਾਗ ਵਲੋਂ ਇੱਕ ਸ਼ਰਤ ਵੀ ਰੱਖੀ ਗਈ ਕਿ ਵਿਦਿਆਰਥੀ ਟੀ:ਵੀ ਰਾਹੀਂ ਆਪਣੀ ਪੜ੍ਹਾਈ ਕਰਦੇ ਸਮੇ ਉਨ੍ਹਾਂ ਨੂੰ ਇੱਕ ਟੀ:ਵੀ ਦੀ ਫੋਟੋ ਖਿੱਚ ਕੇ ਭੇਜਣ । ਜਿਸ ਨਾਲ ਉਨ੍ਹਾਂ ਨੂੰ ਏ ਪਤਾ ਲੱਗ ਸਕੇ ਕਿ ਵਿਦਿਆਰਥੀ ਪੂਰੀ ਇਮਾਨਦਾਰੀ ਨਾਲ ਆਪਣੀ ਪੜ੍ਹਾਈ ਕਰਦੇ ਹਨ ।

ਕਿ ਵਿਦਿਆਰਥੀਆਂ ਸੱਚ ਮੁੱਚ ਐਨੇ ਇਮਾਨਦਾਰ ਹਨ ਕਿ ਉਹ ਇਹ ਸਭ ਕਰਨਗੇ ।  ਨਾਲ਼ੇ ਇੱਕ ਇਕੱਲੀ ਫੋਟੋ ਨਾਲ ਕਿ ਸਾਬੀਤ ਹੋ ਸਕਦਾ ਹੈ ਕਿ ਸਾਰੇ ਵਿਦਿਆਰਥੀਆਂ ਟੀ:ਵੀ ਦੇ ਜ਼ਰੀਏ ਪੜ੍ਹਦੇ ਹਨ । ਸਿੱਖਿਆ ਵਿਭਾਗ ਦੇ ਇਸ ਆਨਲਾਈਨ ਵਿੱਦਿਆ ਦੇ ਕਦਮ ਨੇ ਲੱਖਾਂ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ।

ਪਰ ਫਿਰ ਵੀ ਇਹ ਆਨਲਾਈਨ ਪੜ੍ਹਾਈ ਕਿਸੇ ਵੀ ਪੱਖੋਂ ਲਾਭਦਾਇਕ ਸਿੱਧ ਨਾ ਹੋਈ । ਇਕ ਤਾਂ ਸਕੂਲ ਬੰਦ ਰਹਿਣ ਦੇ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਗਿਆ ਸੀ । ਉੱਥੇ ਹੀ ਆਨਲਾਈਨ ਪੜ੍ਹਾਈ ਵਿੱਚ ਵਿਦਿਆਰਥੀਆਂ ਨੂੰ ਸਹੀ ਤਰੀਕੇ ਨਾਲ ਸਮਝਾਉਣਾ ਬਹੁਤ ਕਠਿਨ  ਸਵਾਲ ਸੀ । ਸਗੋਂ ਆਨਲਾਈਨ ਪੜ੍ਹਾਈ ਦੇ ਕਾਰਨ ਵਿਦਿਆਰਥੀਆਂ ਦੀ ਸੇਹਤ ਤੇ ਵੀ ਬਹੁਤ ਮਾੜਾ ਅਸਰ ਵੇਖਣ ਨੂੰ ਮਿਲਿਆ । ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਘੱਟ ਹੋ ਗਈ ।

ਪਰ ਸਰਕਾਰ ਵੱਲੋਂ ਸਕੂਲ ਖੋਲ੍ਹਣ ਵਿੱਚ ਐਨੀ ਦੇਰੀ ਕਿਉਂ ਲਗਾਈ ਜਾ ਰਹੀ ਹੈ , ਕਿਉਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਵਾਇਆ ਜਾ ਰਿਹਾ ਹੈ  , ਕਿ ਸਰਕਾਰ ਨਵੀਂ ਪੀੜ੍ਹੀ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ ?

ਸਰਕਾਰ ਵੱਲੋਂ ਤਾਂ ਪਹਿਲਾਂ ਇਹ ਹੁਕਮ ਜਾਰੀ ਹੋਏ ਸਨ । ਕਿ ਕੋਰੋਨਾ ਦੇ ਨਿੱਤ ਵੱਧ ਰਹੇ ਕੇਸਾਂ ਦੇ ਕਾਰਨ ਸਕੂਲਾਂ ਵਿਚ ਵਿਦਿਆਰਥੀਆਂ ਦਾ ਇਕੱਠ ਕਰਨਾ ਕਿਸੇ ਖ਼ਤਰੇ ਤੋਂ ਖ਼ਾਲੀ ਨਹੀਂ । ਜਿੰਨੀ ਵਿਦਿਆਰਥੀਆਂ ਵੱਲੋਂ ਭੀੜ ਹੋਵੇਗੀ ਉਨ੍ਹਾ ਹੀ ਕਰੋਨਾ ਦਾ ਖ਼ਤਰਾ ਲਗਿਆ ਰਹੇਂਗਾ ।

ਪਰ ਜਿੱਥੋਂ ਤਕ ਇਹ ਸਵਾਲ ਉੱਠਦਾ ਹੈ ਕਿ ਕੇਵਲ ਸਰਕਾਰ ਨੂੰ ਸਕੂਲਾਂ ਦੇ ਵਿੱਚ ਹੀ ਕਿਉਂ ਕਰੋਨਾ ਦੇ ਕੇਸਾਂ ਦੀ ਵਧਦੀ ਗਿਣਤੀ ਦਾ ਅੰਦਾਜ਼ਾ ਹੋ ਗਿਆ । ਕਿਉਂ ਸਰਕਾਰ ਨੇ 2021 ਦੇ ਆਉਣ ਤੋਂ ਬਾਅਦ ਵੀ ਸਕੂਲ ਕਾਲਜ ਲਗਾਤਾਰ ਬੰਦ ਰੱਖੇ । ਆਖ਼ਿਰ ਕਿਉਂ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਖਿਲਵਾੜ ਕੀਤਾ  ।

ਪਰ ਇੱਥੇ ਇੱਕ ਗੱਲ ਇਹ ਵੀ ਨਜ਼ਰ ਆਉਂਦੀ ਹੈ ਕਿ ਸਰਕਾਰ ਦਾ ਕੋਵਿਡ-19 ਕਰੋਨਾ ਉਸ ਵੇਲੇ ਕਿੱਥੇ ਸੀ ਜਦੋਂ ਸਰਕਾਰ ਵਲੋਂ  ਯੂ ਪੀ ਵਰਗੀ ਵੱਡੀ ਜਨਸੰਖਿਆ ਵਾਲੀ ਸਟੇਟ ਵਿੱਚ ਚੋਣ ਕਰਵਾਈ ਗਈ ।  ਚੋਣਾਂ ਵੇਲੇ ਕਰੋਨਾ ਮਹਾਮਾਰੀ ਕਿੱਥੇ ਅਲੋਪ ਹੋ ਗਈ ਸੀ । ਕਿ ਉਸ ਨੇ ਯੂ ਪੀ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਨਾ ਬਣਾਇਆ । ਕਿ ਕੇਂਦਰ ਸਰਕਾਰ ਨੂੰ ਕਰੋਨਾ ਮਹਾਮਾਰੀ ਨੇ ਇਹ ਵਰਦਾਨ ਦਿੱਤਾ ਹੋਇਆ ਸੀ ਕਿ ਤੁਸੀਂ ਚੋਣ ਕਰਵਾਓ ਅਸੀਂ ਤੁਹਾਡੇ ਨਾਲ ਹਾਂ  ।

ਯੂ ਪੀ ਦੀ ਕੁੱਲ ਆਬਾਦੀ 23 ਕਰੋੜ ਹੈ ਜਦਕਿ ਪੰਜਾਬ-ਹਰਿਆਣਾ ਦੀ ਸਿਰਫ਼ ਤੇ ਸਿਰਫ਼ 2.5/2.5 ਕਰੋੜ । ਫਿਰ ਸਰਕਾਰ ਨੇ ਕਿ ਸੋਚਕੇ ਇੰਨੀ ਵੱਡੀ ਆਬਾਦੀ ਵਾਲੀ ਸਟੇਟ ਵਿੱਚ ਚੋਣ ਕਰਵਾਈ । ਸਰਕਾਰ ਨੇ ਤਾਂ ਸਿੱਧਾ ਸਿੱਧਾ ਯੂ ਪੀ ਦੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ । ਚੋਣਾਂ ਤੋਂ ਬਾਅਦ ਸਾਨੂੰ ਉਥੋਂ ਦੇ ਕਰੋਨਾ ਕੇਸਾਂ ਵਿੱਚ ਭਾਰੀ ਉਛਾਲ ਵੇਖਣ ਨੂੰ ਵੀ ਮਿਲਿਆ ।

ਇੰਨਾ ਹੀ ਨਹੀਂ , ਸਗੋਂ ਸਰਕਾਰ ਵੱਲੋਂ ਕਿਸਾਨਾਂ ਨੂੰ ਜੋ ਤਿੰਨ ਖੇਤੀ ਕਾਨੂੰਨ ਬਿੱਲ ਦਾ ਤੋਹਫਾ ਦਿੱਤਾ ਗਿਆ ਸੀ , ਕਿਸਾਨ ਉਸ ਤੋਹਫ਼ੇ ਤੋਂ ਨਾਖੁਸ਼ ਸਨ । ਜਿਸ ਦਾ ਵਿਰੋਧ ਕਿਸਾਨ ਜੂਨ ਮਹੀਨੇ ਤੋਂ ਥਾਂ ਥਾਂ ਧਰਨਾ ਲਾ ਕਰ ਰਹੇ ਹਨ  । ਪਹਿਲਾਂ ਤਾਂ ਇਸ ਦਾ ਵਿਰੋਧ ਕਿਸਾਨਾਂ ਵੱਲੋਂ ਸਿਰਫ ਪੰਜਾਬ ਦੇ ਵਿੱਚ ਹੀ ਵੱਖ ਵੱਖ ਥਾਵਾਂ ਤੇ ਰੋਸ ਧਰਨੇ ਲਾ ਕੀਤਾ ਗਿਆ ਸੀ ।  ਪਰ ਜਦੋਂ ਕੇਦਰ ਸਰਕਾਰ ਵਲੋਂ ਕਿਸਾਨਾਂ ਦੀ ਹਰ ਇੱਕ ਮੰਗ ਨੂੰ ਸਾਫ ਇਨਕਾਰ ਕਰ ਦਿੱਤਾ ਗਿਆ । ਫਿਰ ਆਖ਼ਿਰ ਕਿਸਾਨਾਂ ਨੇ ਆਪਣਾ ਰੁਖ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਨੂੰ ਕਰ ਲਿਆ ।

ਕੇਂਦਰ ਸਰਕਾਰ ਤੋਂ ਨਾਖੁਸ਼ ਹੋ  ਕਿਸਾਨ ਵਰਗ ਵੱਲੋਂ ਮਹਾਮਾਰੀ ਕੋਵਿਡ-19 ਦੇ ਦੌਰਾਨ ਵੀ ਵੱਡੀ ਗਿਣਤੀ ਵਿਚ ਦਿੱਲੀ ਵਰਗੇ ਵੱਡੇ ਸ਼ਹਿਰ ਦੀ ਬਰੂਹੇ  ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਆ ਧਰਨਾ ਲਾਉਣਾ ਪਿਆ । ਦਿੱਲੀ ਦੀ ਬਰੂਹੇ ਕਿਸਾਨਾਂ ਵਲੋਂ ਦੋ ਮਹੀਨੇ ਤੋਂ ਲਗਾਤਾਰ ਸ਼ਾਂਤਮਈ ਧਰਨਾ ਲਾਇਆ ਹੋਇਆ ਹੈ ਇਸ ਦੀ ਸ਼ੁਰੂਆਤ ਤਾਂ ਕੇਵਲ ਪੰਜਾਬ ਦੇ ਕਿਸਾਨਾਂ ਨੇ ਕੀਤੀ ਸੀ ਪਰ ਫਿਰ ਹੌਲੀ ਹੌਲੀ ਬਾਕੀ ਸਟੇਟਾਂ ਦੇ ਕਿਸਾਨ ਵੀ ਉਨ੍ਹਾਂ ਦਾ ਸਾਥ ਦੇਣ ਲਈ ਵੱਡੀ ਗਿਣਤੀ ਵਿਚ ਉੱਥੇ ਆ ਪਹੁੰਚੇ  ।

ਦਿੱਲੀ ਦੀ ਬਰੂਹੇ ਇਸ ਵੇਲੇ 40 ਤੋਂ 50 ਲੱਖ ਕਿਸਾਨ ਧਰਨਾ ਲਾਈ ਬੈਠਾ ਹੈ ਜਦਕਿ ਸਰਕਾਰ ਨੂੰ ਪਤਾ ਹੈ ਕਰੋਨਾ ਮਹਾਮਰੀ ਦੇ ਚਲਦਿਆ ਭੀੜ ਦਾ ਇਕੱਠ ਕਰਨਾ ਮਨ੍ਹਾਂ ਹੈ ਪਰ ਸਰਕਾਰ ਨੂੰ ਹੁਣ ਉਨ੍ਹਾਂ ਕਿਸਾਨਾਂ ਸੀ ਭੀਡ਼ ਕਿਉਂ ਨਹੀਂ ਦਿਖਾਈ ਦੇ ਰਹੀ । ਸਰਕਾਰ ਕਿਉਂ ਦੇਸ਼ ਦੇ ਕਿਸਾਨਾਂ ਨੂੰ ਨਾ ਦੇਖ ਸਿਰਫ ਓ ਸਿਰਫ ਵਿਦਿਆਰਥੀਆਂ ਦੀ ਪੜ੍ਹਾਈ ਦੇਖ ਰਹੀ ਹੈ ।  ਸਰਕਾਰ ਨੇ ਸਕੂਲਾਂ ਕਾਲਜਾਂ ਨੂੰ ਬੰਦ ਕਰਵਾ ਦੇਸ਼ ਦੇ ਸਾਰੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ ।

ਪਰ ਇੱਥੇ ਹੀ ਇੱਕ ਹਾਸੇ ਵਾਲੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਜਿਸ ਵੇਲੇ ਲੋਕ ਆਪਣੇ ਘਰਾਂ ਵਿੱਚ ਬੈਠੇ ਸਨ ਉਸ ਵੇਲੇ ਕਰੋਨਾ ਦੇ ਕੇਸਾ ਦੀ ਗਿਣਤੀ ਸਿਖ਼ਰਾਂ ਤੇ ਆ ਗਈ ਸੀ । ਪਰ ਫੇਰ ਜਦੋਂ ਕੇਂਦਰ ਸਰਕਾਰ ਵੱਲੋਂ ਯੂ ਪੀ ਵਿਚ ਚੋਣਾਂ ਕਰਵਾਈਆਂ ਗਈਆਂ ਤਾਂ ਉਸ ਵੇਲੇ ਇਕਦਮ ਕਰੋਨਾ ਖ਼ਤਮ ਹੋ ਗਿਆ ਅਤੇ ਚੋਣ ਪ੍ਰਕਿਰਿਆ ਸਰਕਾਰ ਵੱਲੋਂ ਜਾਰੀ ਰਹੀ  । ਸਰਕਾਰ ਦਾ ਕੋਵਿਡ-19 ਕਰੋਨਾ ਉਸ ਵੇਲੇ ਕਿੱਥੇ ਸੀ ।

ਸਰਕਾਰ ਨੂੰ ਉਸ ਵੇਲੇ ਹੀ ਕਿਉਂ ਕਰੋਨਾ ਨਜ਼ਰ ਆਉਂਦਾ ਹੈ ਜਦੋਂ ਵਿਦਿਆਰਥੀਆਂ ਦੀ ਪੜ੍ਹਾਈ ਉਹਨਾਂ ਦੇ ਸਕੂਲ ਕਾਲਜ ਖੁਲਣ ਦੀ ਗੱਲ ਕਿਸੇ ਵਲੋਂ ਸ਼ੁਰੂ ਕੀਤੀ ਜਾਂਦੀ ਹੈ ।  ਸਰਕਾਰ ਨੇ ਸਾਰੇ ਸਕੂਲ ਕਾਲਜ ਬੰਦ ਕਰਵਾ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਪਾਣੀ ਫੇਰ ਦਿੱਤਾ ਅਤੇ ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ਤੇ ਡਾਕਾ ਮਾਰਨਾ ਸ਼ੁਰੂ ਕੀਤਾ ਓ ਅਲੱਗ । ਕਿਉਂ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਕੂਲਾਂ ਅਤੇ ਕਾਲਜਾਂ ਨੂੰ ਨਹੀਂ ਖੋਲ੍ਹਿਆ ਜਾ ਰਿਹਾ ਕਿਉਂ ਸਰਕਾਰ ਉਨ੍ਹਾਂ ਦੀ ਪੜ੍ਹਾਈ ਨਾਲ ਅਣਗਹਿਲੀ ਕਰ ਰਹੀ ਹੈ ।

ਸਰਕਾਰ ਨੂੰ ਹੁਣ ਇਹ ਚਾਹੀਦਾ ਹੈ ਕਿ ਵਿਦਿਆਰਥੀਆਂ ਦੇ ਲਈ ਜਲਦੀ ਤੋਂ ਜਲਦੀ ਸਕੂਲਾਂ ਅਤੇ ਕਾਲਜਾਂ ਦੇ ਗੇਟ ਖੋਲ੍ਹ ਦਿੱਤੇ ਜਾਣ ਤਾਂ ਕਿ ਵਿਦਿਆਰਥੀਆਂ ਜਲਦੀ ਤੋਂ ਜਲਦੀ ਆਪਣੀ ਪੜ੍ਹਾਈ ਪੂਰੀ ਕਰ ਸਕਣ।

ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )

Previous articleਨਖ਼ਰੇ vs ਪੈਟਰੋਲ
Next articleਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਰੇਲ ਕੋਚ ਫੈਕਟਰੀ ਦਾ ਦੌਰਾ