ਪਿੰਡ ਮੋਰਾਂਵਾਲੀ ਵਿੱਚ ਇਕੋ ਪਰਿਵਾਰ ਦੇ ਛੇ ਜੀਆਂ ਤੋਂ ਬਾਅਦ ਅੱਜ ਨੇੜਲੇ ਪਿੰਡਾਂ ਦੇ ਛੇ ਹੋਰ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ’ਤੇ ਇਲਾਕੇ ਵਿੱਚ ਸਹਿਮ ਤੇ ਭੈਅ ਦਾ ਮਾਹੌਲ ਬਣ ਗਿਆ ਹੈ। ਪ੍ਰਸ਼ਾਸਨ ਵਲੋਂ ਮੋਰਾਂਵਾਲੀ ਦੇ ਆਲੇ ਦੁਆਲੇ ਦੇ ਛੇ ਪਿੰਡਾਂ ਵਿੱਚ ਪਹਿਲਾਂ ਹੀ ਧਾਰਾ 144 ਲਗਾ ਦਿੱਤੀ ਗਈ ਹੈ। ਸਥਾਨਕ ਤਹਿਸੀਲ ਦੇ ਕੁੱਝ ਹੋਰ ਪਿੰਡਾਂ ਵਿੱਚੋਂ ਪੰਜ ਹੋਰ ਸ਼ੱਕੀ ਮਰੀਜ਼ਾਂ ਨੂੰ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਇਕਾਂਤ ਕੇਂਦਰ ਭੇਜਿਆ ਗਿਆ ਜਿੱਥੇ ਉਨ੍ਹਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ। ਗੜ੍ਹਸ਼ੰਕਰ ਦੇ ਵਸਨੀਕ ਅਮਨ ਗੌਤਮ ਨੂੰ ਅੱਜ ਮੁੱਢਲੀ ਜਾਂਚ ਪਿਛੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਇਕਾਂਤ ਕੇਂਦਰ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨ ਗੌਤਮ ਪਹਿਲਾਂ ਖੁਦ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਜਾਂਚ ਲਈ ਆਇਆ ਸੀ ਪਰ ਚੈੱਕਅੱਪ ਤੋਂ ਤੁਰੰਤ ਬਾਅਦ ਉਹ ਹਸਪਤਾਲ ਤੋਂ ਖਿਸਕ ਗਿਆ। ਪੁਲੀਸ ਨੂੰ ਸੂਚਿਤ ਕਰਨ ਤੋਂ ਬਾਅਦ ਉਸ ਨੂੰ ਮੁੜ ਹਸਪਤਾਲ ਦਾਖਿਲ ਕਰਵਾਇਆ ਗਿਆ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਅੱਜ ਕਰੋਨਾ ਦੇ ਪੰਜ ਹੋਰ ਸ਼ੱਕੀ ਮਰੀਜ਼ਾਂ ਜਗਦੀਸ਼ ਸਿੰਘ, ਪ੍ਰੇਮ ਪਾਲ, ਰੋਹਿਤ ਕੁਮਾਰ, ਕਸ਼ਮੀਰ ਸਿੰਘ ਅਤੇ ਅਮਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਮੋਰਾਂਵਾਲੀ ਨਜ਼ਦੀਕ ਪੈਂਦੇ ਪਿੰਡ ਮੋਇਲਾ ਵਾਹਿਦਪੁਰ ਵਿੱਚ ਵੀ 14 ਮਾਰਚ ਨੂੰ ਵਿਦੇਸ਼ ਤੋਂ ਆਈ 25 ਸਾਲਾ ਲੜਕੀ ਦੀ ਵਿਸ਼ੇਸ਼ ਜਾਂਚ ਕੀਤੀ ਗਈ ਅਤੇ ਉਸ ਨੂੰ ਘਰ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ।