ਕਰੋਨਾਵਾਇਰਸ ਨੇ ਪੰਜਾਬ ’ਚ ਸੱਤ ਹੋਰ ਜਾਨਾਂ ਲਈਆਂ

ਚੰਡੀਗੜ੍ਹ (ਸਮਾਜਵੀਕਲੀ) ਪੰਜਾਬ ਵਿੱਚ ਅੱਜ ਵੀ ਕਰੋਨਾਵਾਇਰਸ ਕਾਰਨ ਸੱਤ ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਜ਼ਿਲ੍ਹਾ ਸੰਗਰੂਰ ਦਾ ਬਲਾਕ ਮਾਲੇਰਕੋਟਲਾ ਇਸ ਮਹਾਮਾਰੀ ਦੀ ਲਪੇਟ ਵਿੱਚ ਆ ਗਿਆ ਹੈ। ਜ਼ਿਲ੍ਹਾ ਸੰਗਰੂਰ ਵਿੱਚ ਅੱਜ ਇੱਕੋ ਦਿਨ ’ਚ ਕਰੋਨਾਵਾਇਰਸ ਦੇ 45 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ 32 ਕੇਸ ਇਕੱਲੇ ਮਾਲੇਰਕੋਟਲਾ ਬਲਾਕ ਦੇ ਹਨ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਕਰੋਨਾਵਾਇਰਸ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 5216 ਹੋ ਗਈ ਹੈ ਜਦੋਂ ਕਿ 3526 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।

ਸਰਕਾਰੀ ਬੁਲਾਰੇ ਅਨੁਸਾਰ ਅੱਜ ਪੰਜਾਬ ਵਿਚ ਪੰਜ ਹੀ ਮੌਤਾਂ ਹੋਈਆਂ ਹਨ ਜਦੋਂ ਕਿ ਇਸ ਤੋਂ ਇਲਾਵਾ ਦੋ ਹੋਰ ਮੌਤਾਂ ਪਟਿਆਲਾ ਵਿੱਚ ਹੋਈਆਂ ਹਨ ਜਿਨ੍ਹਾਂ ਦਾ ਜ਼ਿਕਰ ਸਰਕਾਰੀ ਬੁਲਾਰੇ ਵੱਲੋਂ ਨਹੀਂ ਕੀਤਾ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਵਿਚ ਇੱਕ-ਇੱਕ ਮੌਤ ਹੋਈ ਹੈ। ਸਿਹਤ ਵਿਭਾਗ ਅਨੁਸਾਰ ਮੌਤਾਂ ਦਾ ਅੰਕੜਾ ਹੁਣ 133 ’ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਹੁਣ ਤੱਕ 2,89,923 ਨਮੂਨੇ ਲਏ ਗੲੇ ਹਨ ਜਿਨ੍ਹਾਂ ’ਚੋਂ 5216 ਪਾਜ਼ੇਟਿਵ ਨਿਕਲੇ ਹਨ। ਫਾਜ਼ਿਲਕਾ ਵਿੱਚ ਅੱਜ ਬੀਐੱਸਐੱਫ ਦਾ ਇੱਕ 28 ਸਾਲਾ ਜਵਾਨ ਕਰੋਨਾ ਪਾਜ਼ੇਟਿਵ ਪਾਇਆ ਗਿਆ। ਲੁਧਿਆਣਾ ਵਿੱਚ ਅੱਜ 39 ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ ਅੰਮ੍ਰਿਤਸਰ ਵਿੱਚ 12 ਕੇਸ ਪਾਜ਼ੇਟਿਵ ਪਾਏ ਗਏ।

ਪਟਿਆਲਾ ਵਿੱਚ ਇੱਕ ਅਤੇ ਮੁਹਾਲੀ ਵਿੱਚ ਦੋ ਵਿਅਕਤੀ ਵਿਦੇਸ਼ ਤੋਂ ਪਰਤੇ ਸਨ  ਜੋ ਪਾਜ਼ੇਟਿਵ ਪਾਏ ਗਏ ਹਨ। ਗੁਰਦਾਸਪੁਰ ਤੇ ਮੁਹਾਲੀ ਵਿੱਚ ਅੱਠ-ਅੱਠ ਨਵੇਂ ਕੇਸ ਸਾਹਮਣੇ ਆਏ ਹਨ। ਮਾਲਵੇ ਵਿੱਚ ਲੁਧਿਆਣਾ ਤੋਂ ਬਾਅਦ ਪਟਿਆਲਾ ਅਤੇ ਸੰਗਰੂਰ ਵੱਧ ਪ੍ਰਭਾਵਿਤ ਹੋਣ ਲੱਗੇ ਹਨ। ਗੁਰਦਾਸਪੁਰ ਵਿੱਚ ਮੁੰਬਈ ਤੋਂ ਪਰਤਿਆ ਇੱਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਮੁਕਤਸਰ ਵਿੱਚ ਹਰਿਦੁਆਰ ਤੋਂ ਆਇਆ ਇਕ ਵਿਅਕਤੀ ਪਾਜ਼ੇਟਿਵ ਨਿਕਲਿਆ ਹੈ। ਪੰਜਾਬ ਵਿੱਚ ਹੁਣ ਤੱਕ ਸਭ ਤੋਂ ਵੱਧ 39 ਮੌਤਾਂ ਜ਼ਿਲ੍ਹਾ ਅੰਮ੍ਰਿਤਸਰ ’ਚ ਹੋਈਆਂ ਹਨ। ਪੰਜਾਬ ਦੇ ਜ਼ਿਲ੍ਹਾ ਮਾਨਸਾ, ਫ਼ਾਜ਼ਿਲਕਾ ,ਫਰੀਦਕੋਟ, ਮੁਕਤਸਰ, ਫ਼ਤਹਿਗੜ੍ਹ ਸਾਹਿਬ ਵਿੱਚ ਮੌਤਾਂ ਤੋਂ ਅਜੇ ਤੱਕ ਬਚਾਅ ਹੈ।

Previous articleਮਹਾਰਾਸ਼ਟਰ ਲੌਕਡਾਊਨ: 30 ਤੋਂ ਬਾਅਦ ਵੀ ਜਾਰੀ ਰਹਿਣਗੀਆਂ ਪਾਬੰਦੀਆਂ: ਊਧਵ
Next articleਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਕੇਤਕ ਰੂਪ ਵਿਚ ਮਨਾਈ