ਕਰੋਨਾਵਾਇਰਸ: ਨਸ਼ੇੜੀਆਂ ਦੀਆਂ ਓਟ ਕੇਂਦਰਾਂ ਵੱਲ ਵਹੀਰਾਂ

ਅੰਮ੍ਰਿਤਸਰ (ਸਮਾਜਵੀਕਲੀ)– ਕਰੋਨਾਵਾਇਰਸ ਤੋਂ ਬਚਾਅ ਲਈ ਲਾਏ ਕਰਫਿਊ ਕਾਰਨ ਇੱਕ ਪਾਸੇ ਨਸ਼ਾ ਤਸਕਰੀ ਨੂੰ ਨੱਥ ਪਈ ਹੈ ਪਰ ਦੂਜੇ ਪਾਸੇ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ। ਇਹ ਮਰੀਜ਼ ਇਥੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਓਟ ਕੇਂਦਰ ਵਿੱਚ ਵੱਡੀ ਗਿਣਤੀ ਵਿੱਚ ਅੱਜ ਦਵਾਈ ਲੈਣ ਪੁੱਜੇ, ਜਿਥੇ ਕਰੋਨਾਵਾਇਰਸ ਸਬੰਧੀ ਲੋੜੀਂਦੇ ਨਿਯਮਾਂ ਦੀ ਉਲੰਘਣਾ ਹੋਈ ਹੈ।
ਸਰਕਾਰੀ ਮੈਡੀਕਲ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਪੀ.ਡੀ. ਗਰਗ ਨੇ ਦੱਸਿਆ ਕਿ ਕਰਫਿਊ ਕਾਰਨ ਨਸ਼ੇ ਦੇ ਆਦੀ ਮਰੀਜ਼ਾਂ ਦੀ ਗਿਣਤੀ ਵਿੱਚ 15 ਤੋਂ 20 ਫੀਸਦ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਵੇਰਕਾ, ਅਜਨਾਲਾ, ਮਾਨਾਂਵਾਲਾ, ਬਾਬਾ ਬਕਾਲਾ, ਲੋਪੋਕੇ, ਚੋਗਾਵਾਂ ਅਤੇ ਸੈਂਟਰਲ ਜੇਲ੍ਹ ਆਦਿ ਵਿਚ ਓਟ ਕੇਂਦਰ ਚਲਾਏ ਜਾ ਰਹੇ ਹਨ, ਜਿਥੋਂ ਲਗਪਗ 250 ਤੋਂ ਵੱਧ ਮਰੀਜ਼ ਦਵਾਈ ਲੈ ਰਹੇ ਹਨ।
ਅੱਜ ਵੱਡੀ ਗਿਣਤੀ ਵਿੱਚ ਨਸ਼ਾ ਮਰੀਜ਼ਾਂ ਦੇ ਪੁੱਜਣ ਬਾਰੇ ਉਨ੍ਹਾਂ ਆਖਿਆ ਕਿ ਕਰਫਿਊ ਕਾਰਨ ਨਸ਼ਾ ਤਸਕਰੀ ’ਤੇ ਰੋਕ ਲੱਗੀ ਹੈ। ਇਸ ਦੌਰਾਨ ਕਈ ਨਸ਼ੇ ਦੇ ਆਦੀ ਮਰੀਜ਼ ਜੋ ਪਹਿਲਾਂ ਦਵਾਈ ਲੈ ਰਹੇ ਸਨ ਅਤੇ ਵਿਚਾਲੇ ਛੱਡ ਗਏ ਸਨ, ਹੁਣ ਨਸ਼ਾ ਨਾ ਮਿਲਣ ਕਾਰਨ ਮੁੜ ਦਵਾਈ ਲੈਣ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਾਹਰ ਡਾਕਟਰ ਦੀ ਸਲਾਹ ਨਾਲ ਹੀ ਅਗਲੇ ਕੁਝ ਦਿਨਾਂ ਵਾਸਤੇ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਵੇਗੀ। ਇਸ ਸਬੰਧੀ ਲੋੜੀਂਦੀ ਦਵਾਈ ਵਿਭਾਗ ਕੋਲ ਮੌਜੂਦ ਹੈ।
ਇਸ ਦੌਰਾਨ ਮਰੀਜ਼ ਅਜੈ ਕੁਮਾਰ ਨੇ ਦੱਸਿਆ ਕਿ ਉਹ ਛੇਹਰਟਾ ਤੋਂ ਦਵਾਈ ਲੈਣ ਪੁੱਜਾ ਹੈ ਪਰ ਉਸ ਨੂੰ ਦਵਾਈ ਪ੍ਰਾਪਤ ਨਹੀਂ ਹੋਈ। ਇਕ ਹੋਰ ਮਰੀਜ਼ ਗੌਰਵ ਸ਼ਰਮਾ ਨੇ ਦਸਿਆ ਕਿ ਪੁਲੀਸ ਦੀ ਵਧੀਕੀ ਸਹਿ ਕੇ ਇਥੋਂ ਤਕ ਪੁੱਜੇ ਹਨ। ਇਹ ਦਵਾਈ ਹੋਰਨਾਂ ਓਟ ਕੇਂਦਰਾਂ ’ਤੇ ਵੀ ਉਪਲਬਧ ਕਰਾਈ ਜਾਣੀ ਚਾਹੀਦੀ ਹੈ ਤਾਂ ਜੋ ਮਰੀਜ਼ਾਂ ਨੂੰ ਇਹ ਦਵਾਈ ਲੈਣ ਲਈ ਦੂਰ ਨਾ ਆਉਣਾ ਪਵੇ।
ਡਾ. ਗਰਗ ਨੇ ਇਨਾਂ ਦੋਸ਼ਾਂ ਬਾਰੇ ਆਖਿਆ ਕਿ ਇਹ ਦਵਾਈ ਵਧੇਰੇ ਦਿਨਾਂ ਲਈ ਮਰੀਜ਼ ਦੀ ਸਥਿਤੀ ਨੂੰ ਦੇਖਣ ਮਗਰੋਂ ਹੀ ਦਿੱਤੀ ਜਾਂਦੀ ਹੈ ਅਤੇ ਇਹ ਜਾਂਚ ਮਾਹਰ ਡਾਕਟਰ ਵਲੋਂ ਹੀ ਕੀਤੀ ਜਾ ਸਕਦੀ ਹੈ। ਇਸ ਲਈ ਇਹ ਦਵਾਈ ਸਿਰਫ ਸਰਕਾਰੀ ਮੈਡੀਕਲ ਕਾਲਜ ਦੇ ਓਟ ਕੇਂਦਰ ’ਤੇ ਹੀ ਉਪਲਬਧ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕਰੋਨਾਵਾਇਰਸ ਦੇ ਟਾਕਰੇ ਲਈ ਕਰਫਿਊ ਲਾਗੂ ਹੋਣ ਤੋਂ ਬਾਅਦ ਹਰ ਤਰ੍ਹਾਂ ਦੀ ਸਪਲਾਈ ਠੱਪ ਹੈ। ਅਜਿਹੇ ਵਿਚ ਨਸ਼ੇ ਦੇ ਆਦੀ ਵਿਅਕਤੀ ਕਾਫੀ ਪ੍ਰੇਸ਼ਾਨ ਹੋ ਰਹੇ ਹਨ।book

lShare
Previous articleअज्ञानी नहीं ज्ञानी बनो।
Next articleਕੇਰਲਾ ਹਾਈ ਕੋਰਟ ਨੇ ਪਿਆਕੜਾਂ ਲਈ ਵਿਸ਼ੇਸ਼ ਪਾਸ ਜਾਰੀ ਕਰਨ ’ਤੇ ਲਾਈ ਰੋਕ