ਦੇਸ਼ ’ਚ ਕਰੋਨਾਵਾਇਰਸ ਨਾਲ ਦੂਜੀ ਮੌਤ ਦੀ ਪੁਸ਼ਟੀ;
ਕਈ ਸੂਬਿਆਂ ’ਚ ਮਾਲ, ਸਿਨੇਮਾਘਰ ਤੇ ਵਿੱਦਿਅਕ ਅਦਾਰੇ ਬੰਦ
ਨਵੀਂ ਦਿੱਲੀ- ਦੇਸ਼ ਵਿੱਚ ਕਰੋਨਾਵਾਇਰਸ ਨਾਲ ਦੂਜੀ ਮੌਤ ਦਿੱਲੀ ’ਚ 68 ਸਾਲਾ ਮਹਿਲਾ ਦੀ ਹੋਈ ਹੈ। ਸਿਹਤ ਮੰਤਰਾਲੇ ਨੇ ਅੱਜ ਇਸ ਦੀ ਪੁਸ਼ਟੀ ਕੀਤੀ ਹੈ। ਦੇਸ਼ ਵਿੱਚ ਕਰੋਨਾਵਾਇਰਸ ਨਾਲ ਹੋਣ ਵਾਲੀ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਕਰਨਾਟਕ ਦੇ ਕਲਬੁਰਗੀ ’ਚ ਇੱਕ 76 ਸਾਲਾ ਵਿਅਕਤੀ ਦੀ ਮੌਤ ਹੋਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਦੀ ਮੌਤ ਇੱਕ ਤੋਂ ਵੱਧ ਬਿਮਾਰੀਆਂ (ਸ਼ੂਗਰ ਤੇ ਹਾਈ ਬਲੱਡ ਪ੍ਰੈੱਸ਼ਰ) ਕਾਰਨ ਹੋਈ ਹੈ ਪਰ ਉਸ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਵੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਮਹਿਲਾ ਰਾਮ ਮਨੋਹਰ ਲੋਹੀਆਂ ਹਸਪਤਾਲ ’ਚ ਭਰਤੀ ਸੀ। ਇਸ ਮਹਿਲਾ ਨੂੰ ਵਿਦੇਸ਼ ਤੋਂ ਆਏ ਪੁੱਤਰ ਦੇ ਸੰਪਰਕ ’ਚ ਆਉਣ ਕਾਰਨ ਕਰੋਨਾਵਾਇਰਸ ਹੋਇਆ ਸੀ। ਉਸ ਨੇ 5 ਤੋਂ 22 ਫਰਵਰੀ ਵਿਚਾਲੇ ਸਵਿਟਜ਼ਰਲੈਂਡ ਦੇ ਇਟਲੀ ਦੀ ਯਾਤਰਾ ਕੀਤੀ ਸੀ। ਬੁਖਾਰ ਤੇ ਖੰਘ ਹੋਣ ਕਾਰਨ ਉਹ ਰਾਮ ਮਨੋਹਰ ਲੋਹੀਆਂ ਹਸਪਤਾਲ ਆਇਆ ਸੀ। ਇਸ ਤੋਂ ਬਾਅਦ ਨਿਯਮਾਂ ਤਹਿਤ ਸਾਰੇ ਪਰਿਵਾਰ ਦੀ ਜਾਂਚ ਮਗਰੋਂ ਮਾਂ ਤੇ ਪੁੱਤ ਨੂੰ ਹਸਪਤਾਲ ਦਾਖਲ ਕੀਤਾ ਗਿਆ ਸੀ।
ਉਧਰ ਕਰੋਨਾਵਾਇਰਸ ਕਾਰਨ ਭਾਰਤ ਦੇ ਬਹੁਤੇ ਸੂਬਿਆਂ ’ਚ ਬੰਦ ਵਰਗੇ ਹਾਲਾਤ ਬਣੇ ਹੋਏ ਹਨ। ਕਰੋਨਾਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਸਕੂਲ, ਕਾਲਜ, ਸਿਨੇਮਾਘਰ ਬੰਦ ਕਰ ਦਿੱਤੇ ਗਏ ਹਨ ਤੇ ਆਈਪੀਐੱਲ ਸਮੇਤ ਬਹੁਤ ਸਾਰੇ ਵੱਡੇ ਜਨਤਕ ਸਮਾਗਮ ਰੱਦ ਕੀਤੇ ਗਏ ਹਨ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰਾਲੇ ਦੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਕਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 81 ਤੱਕ ਪਹੁੰਚ ਗਈ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਰਾਤ ਕਰੋਨਾਵਾਇਰਸ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 81 ਹੋ ਗਈ ਹੈ, ਜਿਨ੍ਹਾਂ ’ਚ 17 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਨ੍ਹਾਂ ’ਚੋਂ 10 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਿਨ੍ਹਾਂ ’ਚੋਂ ਤਿੰਨ ਮਰੀਜ਼ ਕੇਰਲਾ ਅਤੇ ਸੱਤ ਮਰੀਜ਼ ਦਿੱਲੀ ਦੇ ਸਫਦਰਜੰਗ ਹਸਪਤਾਲ ਨਾਲ ਸਬੰਧਤ ਹਨ। ਦੇਸ਼ ਭਰ ਵਿੱਚ ਸਭ ਤੋਂ ਮਰੀਜ਼ ਕੇਰਲਾ (19) ਨਾਲ ਸਬੰਧਤ ਹਨ।
ਅਧਿਕਾਰੀਆਂ ਨੇ ਖੁਲਾਸਾ ਕੀਤਾ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਕਰੋਨਾਵਾਇਰਸ ਦੇ 42 ਹਜ਼ਾਰ ਸ਼ੱਕੀ ਵਿਅਕਤੀ ਨਿਗਰਾਨੀ ਹੇਠ ਹਨ। ਦੇਸ਼ ਵਿੱਚ ਦਿੱਲੀ, ਕਰਨਾਟਕ, ਮਹਾਰਾਸ਼ਟਰ ਤੇ ਕੇਰਲ ਸਮੇਤ ਤਕਰੀਬਨ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੋਨਾਵਾਇਰਸ ਕੋਈ ਸਿਹਤ ਐਮਰਜੈਂਸੀ ਨਹੀਂ ਹੈ ਅਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ ਮਾਲਦੀਵ, ਅਮਰੀਕਾ, ਮੈਡਗਾਸਕਰ ਤੇ ਚੀਨ ਸਮੇਤ ਵੱਖ ਵੱਖ ਮੁਲਕਾਂ ਤੋਂ 1031 ਵਿਅਕਤੀਆਂ ਨੂੰ ਬਚਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਰਫ਼ 19 ਲਾਂਘਿਆਂ ਤੋਂ ਕੌਮਾਂਤਰੀ ਆਵਾਜਾਈ ਦੀ ਇਜਾਜ਼ਤ ਦਿੱਤੀ ਹੈ ਅਤੇ ਭਾਰਤ-ਬੰਗਲਾਦੇਸ਼ ਵਿਚਾਲੇ ਰੇਲ ਤੇ ਬੱਸ ਸੇਵਾ 15 ਅਪਰੈਲ ਤੱਕ ਬੰਦ ਕਰ ਦਿੱਤੀ ਹੈ।
ਦਿੱਲੀ ਵਿੱਚ ਸਿਨੇਮਾਘਰ ਬੰਦ ਕਰਨ ਤੋਂ ਇੱਕ ਦਿਨ ਬਾਅਦ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਖੇਡ ਸਮਾਗਮਾਂ ’ਤੇ ਵੀ ਰੋਕ ਲਗਾ ਦਿੱਤੀ ਹੈ। ਉੱਧਰ ਕਰਨਾਟਕ ਦੇ ਕਲਬੁਰਗੀ ’ਚ ਕਰੋਨਾਵਾਇਰਸ ਨਾਲ ਦੇਸ਼ ਦੀ ਪਹਿਲੀ ਮੌਤ ਹੋਣ ਮਗਰੋਂ ਸੂਬਾ ਸਰਕਾਰ ਨੇ ਸਾਰੇ ਸ਼ਾਪਿੰਗ ਮਾਲ, ਸਿਨੇਮਾਘਰ, ਪੱਬ ਤੇ ਨਾਈਟ ਕਲੱਬ, ਕਾਲਜ ਤੇ ਯੂਨੀਵਰਸਿਟੀਆਂ ਇੱਕ ਹਫ਼ਤੇ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਪੱਛਮੀ ਦਿੱਲੀ ਦੇ ਜਨਕਪੁਰ ਵਾਸੀ ਤੇ ਨੋਇਡਾ ’ਚ ਕੰਮ ਕਰਨ ਵਾਲੇ ਇੱਕ ਕਰੋਨਾਵਾਇਰਸ ਨਾਲ ਪੀੜਤ ਵਿਅਕਤੀ ਦੇ ਸੰਪਰਕ ’ਚ ਆਏ 773 ਵਿਅਕਤੀਆਂ ਦਾ ਪਤਾ ਲੱਗਾ ਹੈ। ਇਸ ਸਬੰਧੀ ਦਿਸ਼ਾ ਨਿਰਦੇਸ਼ ਤਹਿਤ ਅਹਿਤਿਆਦੀ ਕਦਮ ਚੁੱਕੇ ਜਾ ਰਹੇ ਹਨ ਤੇ ਸਾਰੇ ਸ਼ੱਕੀ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਨਾਲ ਹੀ ਹਰ ਤਰ੍ਹਾਂ ਦੀ ਪ੍ਰਦਰਸ਼ਨੀ, ਸਮਰ ਕੈਂਪ, ਕਾਨਫਰੰਸ, ਵਿਆਹ ਸਮਾਗਮ ਤੇ ਜਨਮ ਦਿਨ ਪਾਰਟੀਆਂ ਰੁਕਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸੇ ਦੌਰਾਨ ਗੂਗਲ ਨੇ ਵੀ ਆਪਣੇ ਬੰਗਲੂਰੂ ਦਫ਼ਤਰ ’ਚ ਤਾਇਨਾਤ ਇੱਕ ਮੁਲਾਜ਼ਮ ਦੇ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ ਹੈ। ਇਸੇ ਤਰ੍ਹਾਂ ਉੜੀਸਾ ਤੇ ਦਿੱਲੀ ਵਿੱਚ ਜਨਤਕ ਸਮਾਗਮਾਂ ’ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਯੂਰੋਪ ਇਸ ਸਮੇਂ ਕਰੋਨਾਵਾਿੲਰਸ ਦਾ ਕੇਂਦਰ ਬਣ ਗਿਆ ਹੈ।
ਚਿਕਨ ਤੇ ਆਂਡਿਆਂ ਬਾਰੇ ਸਹੀ ਜਾਣਕਾਰੀ ਜਾਰੀ ਹੋਵੇ: ਨਾਇਡੂ
ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ (ਆੲਸੀਐੱਮਆਰ) ਨੂੰ ਚਿਕਨ ਤੇ ਆਂਡੇ ਖਾਣ ਵਾਲੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਨ ਨੂੰ ਕਿਹਾ ਹੈ ਕਿਉਂਕਿ ਕਰੋਨਾਵਾਇਰਸ ਸਬੰਧੀ ਅਫਵਾਹਾਂ ਕਾਰਨ ਪੌਲਟਰੀ ਸਨਅਤ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਖਪਤਕਾਰਾਂ ਤੇ ਵਿਕਰੇਤਾਵਾਂ ਦੋਵਾਂ ਲਈ ਸਹੀ ਜਾਣਕਾਰੀ ਜਾਰੀ ਹੋਣੀ ਬਹੁਤ ਜ਼ਰੂਰੀ ਹੈ।
ਸੁਪਰੀਮ ਕੋਰਟ ਵਲੋਂ ਕੇਵਲ ਬਹੁਤ ਜ਼ਰੂਰੀ ਮਾਮਲਿਆਂ ’ਤੇ ਸੁਣਵਾਈ ਦਾ ਫ਼ੈਸਲਾ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਆਲਮੀ ਪੱਧਰ ’ਤੇ ਮਹਾਮਾਰੀ ਬਣੇ ਕਰੋਨਾਵਾਇਰਸ ਦੇ ਮੱਦੇਨਜ਼ਰ ਕੇਵਲ ਬਹੁਤ ਜ਼ਰੂਰੀ ਮਾਮਲਿਆਂ ’ਤੇ ਹੀ ਸੁਣਵਾਈ ਕਰਨ ਲਈ ਆਖਿਆ ਹੈ ਅਤੇ ਸਬੰਧਤ ਵਕੀਲਾਂ ਤੋਂ ਬਿਨਾਂ ਕਿਸੇ ਵੀ ਹੋਰ ਵਿਅਕਤੀ ਨੂੰ ਅਦਾਲਤੀ ਕਮਰਿਆਂ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ। ਇਹ ਫ਼ੈਸਲਾ ਕੇਂਦਰ ਸਰਕਾਰ ਦੀ 5 ਮਾਰਚ ਨੂੰ ਜਾਰੀ ਐਡਵਾਈਜ਼ਰੀ, ਜਿਸ ਵਿੱਚ ਜਨਤਕ ਇਕੱਠਾਂ ਪ੍ਰਤੀ ਚੌਕਸ ਕੀਤਾ ਗਿਆ ਹੈ, ਦੇ ਮੱਦੇਨਜ਼ਰ ਭਾਰਤ ਦੇ ਚੀਫ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ।