ਨਵੀਂ ਦਿੱਲੀ (ਸਮਾਜਵੀਕਲੀ) – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁਲਕ ਦੇ ਗ਼ਰੀਬ ਲੋਕਾਂ ਨੂੰ ਦਰਪੇਸ਼ ਔਕੜਾਂ ਘੱਟ ਕਰਨ ਦੇ ਤਰੀਕੇ ਲੱਭਣ ਲਈ ਮੰਤਰੀਆਂ ਦੇ ਸਮੂਹ (ਜੀਓਐੱਮ) ਨਾਲ ਮੀਟਿੰਗ ਕੀਤੀ। ਸਰਕਾਰੀ ਸੂਤਰਾਂ ਮੁਤਾਬਕ ਸਮੂਹ ਵੱਲੋਂ 20 ਅਪਰੈਲ ਤੋਂ ਨੌਨ-ਹੌਟਸਪੌਟ ਜ਼ੋਨਾਂ ਵਿੱਚ ਅੰਸ਼ਿਕ ਆਰਥਿਕ ਗਤੀਵਿਧੀਆਂ ਦੀ ਆਗਿਆ ਦੇਣ ਨਾਲ ਸਬੰਧਤ ਮੰਤਰਾਲਿਆਂ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੀ ਵੀ ਸਮੀਖਿਆ ਕੀਤੀ ਗਈ। ਇਹ ਮੰਤਰੀਆਂ ਦੇ ਸਮੂਹ ਦੀ ਚੌਥੀ ਮੀਟਿੰਗ ਸੀ।
ਇਸ ਸਬੰਧੀ ਰੱਖਿਆ ਮੰਤਰੀ ਨੇ ਟਵੀਟ ਕੀਤਾ,‘ਕੋਵਿਡ-19 ਸਥਿਤੀ ਬਾਰੇ ਜੀਓਐੱਮ ਨਾਲ ਗੱਲਬਾਤ ਕੀਤੀ। ਅਸੀਂ ਲੋਕਾਂ ਨੂੰ ਦਰਪੇਸ਼ ਔਕੜਾਂ ਘੱਟ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਅਤੇ ਲੋਕਾਂ ਨੂੰ ਰਾਹਤ ਦੇਣ ’ਚ ਮੰਤਰਾਲਿਆਂ ਦੀ ਭੂਮਿਕਾ ਬਾਰੇ ਵੀ ਗੱਲਬਾਤ ਕੀਤੀ।’ ਉਨ੍ਹਾਂ ਦੱਸਿਆ ਕਿ ਸੀਮਤ ਕੰਮ-ਕਾਜਾਂ ਲਈ ਆਗਿਆ ਅਤੇ ਰਿਜ਼ਰਵ ਬੈਂਕ ਵੱਲੋਂ ਐਲਾਨੇ ਗਏ ਉਪਾਵਾਂ ਦੀ ਵੀ ਸ਼ਲਾਘਾ ਕੀਤੀ ਗਈ।
ਸੂਤਰਾਂ ਮੁਤਾਬਕ,‘ਜੀਓਐਮ ਨੂੰ ਵੱਖ ਵੱਖ ਮੰਤਰੀਆਂ ਵੱਲੋਂ ਸਮੁੱਚੀ ਸਥਿਤੀ ਬਾਰੇ ਫੀਡਬੈਕ ਮਿਲੀ ਹੈ। ਸਮੂਹ ਨੇ ਉਨ੍ਹਾਂ ਇਲਾਕਿਆਂ ਨੂੰ ਹੌਲੀ-ਹੌਲੀ ਖੋਲ੍ਹਣ ਦੇ ਫ਼ੈਸਲੇ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ’ਚ ਕਰੋਨਾਵਾਇਰਸ ਦਾ ਕੋਈ ਵੀ ਕੇਸ ਨਹੀਂ ਆਇਆ ਹੈ। ਇਸ ਮੌਕੇ ਆਰਥਿਕ ਤੌਰ ’ਤੇ ਕਮਜ਼ੋਰ ਅਬਾਦੀ ਦੀ ਸਹਾਇਤਾ ਲਈ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ 33.25 ਕਰੋੜ ਲਾਭਪਾਤਰੀਆਂ ਨੂੰ 31,000 ਕਰੋੜ ਰੁਪਏ ਵੰਡਣ ਦੀ ਵੀ ਸ਼ਲਾਘਾ ਕੀਤੀ ਗਈ।’
ਸਰਕਾਰੀ ਸੂਤਰਾਂ ਮੁਤਾਬਕ ਸਮੂਹ ਵੱਲੋਂ ਸੇਵਾਮੁਕਤ ਹੋ ਚੁੱਕੇ ਡਾਕਟਰਾਂ, ਸਿਹਤ ਨਾਲ ਜੁੜੇ ਪੇਸ਼ੇਵਰਾਂ ਅਤੇ ਗਰੈਜੂਏਸ਼ਨ ਦੇ ਆਖ਼ਰੀ ਸਾਲ ਵਾਲੇ ਵਿਦਿਆਰਥੀਆਂ ਦੀਆਂ ਸੇਵਾਵਾਂ ਲੈਣ ਸਬੰਧੀ ਪ੍ਰਾਪਤ ਸੁਝਾਵਾਂ ਦੀ ਵੀ ਸਮੀਖਿਆ ਕੀਤੀ। ਇਸ ਮੀਟਿੰਗ ਵਿੱਚ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ, ਰੇਲਵੇ ਮੰਤਰੀ ਪਿਊਸ਼ ਗੋਇਲ, ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ, ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਹਾਜ਼ਰ ਸਨ।