ਦੇਸ਼ ਭਰ ’ਚ ਪੀੜਤਾਂ ਦੀ ਗਿਣਤੀ 84 ਹੋਈ; ਚਾਰ ਹਜ਼ਾਰ ਲੋਕ ਨਿਗਰਾਨੀ ਹੇਠ
ਮ੍ਰਿਤਕਾਂ ਦੇ ਪਰਿਵਾਰਾਂ ਲਈ ਚਾਰ ਲੱਖ ਮੁਆਵਜ਼ਾ ਦੇਣ ਦਾ ਐਲਾਨ
-
ਪਦਮ ਪੁਰਸਕਾਰ ਸਮਾਗਮ ਮੁਲਤਵੀ
-
ਇਰਾਨ ਤੇ ਇਟਲੀ ਤੋਂ ਲਿਆਂਦੇ ਜਾ ਰਹੇ ਨੇ ਭਾਰਤੀ
-
ਸੀਐੱਨਜੀ ਰਾਹੀਂ ਮ੍ਰਿਤਕਾ ਦਾ ਸਸਕਾਰ
-
ਰਾਜਸਥਾਨ,ਹਿਮਾਚਲ ਤੇ ਗੋਆ ’ਚ ਵਿਦਿਅਕ ਤੇ ਜਨਤਕ ਅਦਾਰੇ ਬੰਦ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਅੱਜ ਕਰੋਨਾਵਾਇਰਸ ਨੂੰ ਕੌਮੀ ‘ਆਫ਼ਤ’ ਘੋਸ਼ਿਤ ਕਰਦਿਆਂ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਚਾਰ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਭਾਰਤ ਵਿੱਚ ਕਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 84 ਹੋ ਗਈ ਹੈ ਅਤੇ ਇਸ ਵਾਇਰਸ ਕਾਰਨ ਹੁਣ ਤੱਕ ਦੋ ਮੌਤਾਂ ਹੋ ਚੁੱਕੀਆਂ ਹਨ। ਕਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਸਰਕਾਰ ਵਲੋਂ ਪਦਮ ਪੁਰਸਕਾਰ ਸਮਾਗਮ, ਜੋ 3 ਅਪਰੈਲ ਨੂੰ ਹੋਣਾ ਸੀ, ਮੁਲਤਵੀ ਕਰ ਦਿੱਤਾ ਗਿਆ ਹੈ।
ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ, ‘‘ਭਾਰਤ ਵਿੱਚ ਕੋਵਿਡ-19 ਦੇ ਫੈਲਾਅ ਅਤੇ ਵਿਸ਼ਵ ਸਿਹਤ ਸੰਸਥਾ (ਡਬਲਿਯੂਐੱਚਓ) ਵਲੋਂ ਇਸ ਨੂੰ ਮਹਾਂਮਾਰੀ ਐਲਾਨੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਇਸ ਨਾਲ ਨੋਟੀਫਾਈਡ ਆਫ਼ਤ ਵਾਂਗ ਨਜਿੱਠਿਆ ਜਾਵੇ ਅਤੇ ਇਸ ਲਈ ਸੂਬਾ ਆਫ਼ਤ ਰਿਸਪੌਂਸ ਫੰਡ (ਐੱਸਡੀਆਰਐੱਫ) ਤਹਿਤ ਸਹਾਇਤਾ ਦਿੱਤੀ ਜਾਵੇ।’’ ਕੇਂਦਰ ਸਰਕਾਰ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੀ ਸਾਂਭ-ਸੰਭਾਲ ਸਬੰਧੀ ਹਸਪਤਾਲਾਂ ਦਾ ਖ਼ਰਚਾ ਸੂਬਾ ਸਰਕਾਰਾਂ ਵਲੋਂ ਨਿਰਧਾਰਿਤ ਰੇਟਾਂ ਅਨੁਸਾਰ ਹੋਵੇਗਾ। ਪੀੜਤ ਲੋਕਾਂ ਨੂੰ ਵੱਖਰੇ ਤੌਰ ’ਤੇ ਰੱਖਣ ਜਾਂ ਘਰਾਂ ਵਿੱਚ ਰੱਖਣ ਜਾਂ ਫਿਰ ਇਕੱਠੇ ਸਮੂਹਾਂ ਨੂੰ ਸੰਭਾਲਣ ਲਈ ਸੂਬਾ ਸਰਕਾਰਾਂ ਐੱਸਡੀਆਰਐੱਫ ਦੀ ਵਰਤੋਂ ਕਰਕੇ ਆਰਜ਼ੀ ਰਿਹਾਇਸ਼, ਖਾਣਾ, ਕੱਪੜੇ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰ ਸਕਦੀਆਂ ਹਨ। ਨੋਟੀਫਿਕੇਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੂਬਾ ਐਗਜ਼ੈਕੇਟਿਵ ਕਮੇਟੀ ਵਲੋਂ ਵੱਖਰੇ ਕੈਂਪਾਂ, ਉਨ੍ਹਾਂ ਦਾ ਸਮਾਂ ਅਤੇ ਲੋਕਾਂ ਦੀ ਗਿਣਤੀ ਆਦਿ ਬਾਰੇ ਫ਼ੈਸਲੇ ਲਏ ਜਾਣਗੇ। ਕੇਂਦਰ ਸਰਕਾਰ ਵਲੋਂ ਸੂਬਿਆਂ ਨੂੰ ਐੱਸਡੀਆਰਐੱਫ ਫੰਡਾਂ ਦੀ ਵਰਤੋਂ ਸਬੰਧੀ ਦਿਸ਼ਾ -ਨਿਰਦੇਸ਼ ਦਿੱਤੇ ਗਏ ਹਨ। ਇਸ ਫੰਡ ਦੀ ਵਰਤੋਂ ਕਰਕੇ ਜ਼ਰੂਰੀ ਸਾਮਾਨ ਦੀ ਖ਼ਰੀਦ ਕੀਤੀ ਜਾ ਸਕਦੀ ਹੈ ਅਤੇ ਲੋਕਾਂ ਨੂੰ ਵੱਖਰੇ ਤੌਰ ’ਤੇ ਰੱਖਣ ਸਬੰਧੀ ਪ੍ਰਬੰਧ ਕੀਤੇ ਜਾ ਸਕਦੇ ਹਨ। ਸਾਰੇ ਸੂਬਿਆਂ ਲਈ ਜਾਰੀ ਦੋ ਸਫਿਆਂ ਦੇ ਨਿਰਦੇਸ਼ਾਂ ਵਿੱਚ ਲੋੜੀਂਦੀਆਂ ਵਸਤਾਂ ਦੀ ਸੂਚੀ ਅਤੇ ਵਾਇਰਸ ਦਾ ਫੈਲਾਅ ਰੋਕਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਭਾਰਤ ਵਿੱਚ 84 ਲੋਕਾਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਪੀੜਤ ਮਰੀਜ਼ਾਂ ’ਚੋਂ ਸੱਤ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਪੰਜ, ਰਾਜਸਥਾਨ ਵਿੱਚ ਇੱਕ ਅਤੇ ਦਿੱਲੀ ਵਿੱਚ ਇੱਕ ਮਰੀਜ਼ ਸਿਹਤਯਾਬ ਹੋਇਆ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ 84 ਮਰੀਜ਼ਾਂ ਦੇ ਸੰਪਰਕ ਵਿੱਚ ਆਏ ਕਰੀਬ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸਿਹਤ ਮੰਤਰਾਲੇ ਅਨੁਸਾਰ ਕਰੋਨਾਵਾਇਰਸ ਦੇ ਕੇਰਲ ਵਿੱਚ 19 ਕੇਸ, ਮਹਾਰਾਸ਼ਟਰ ਵਿੱਚ 14, ਉੱਤਰ ਪ੍ਰਦੇਸ਼ ਵਿੱਚ 11, ਦਿੱਲੀ ਵਿੱਚ ਸੱਤ, ਕਰਨਾਟਕ ਵਿੱਚ ਛੇ, ਲੱਦਾਖ ਵਿੱਚ ਤਿੰਨ, ਜੰਮੂ ਕਸ਼ਮੀਰ ਵਿੱਚ ਦੋ ਅਤੇ ਰਾਜਸਥਾਨ, ਤੇਲੰਗਾਨਾ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਤੇ ਪੰਜਾਬ ’ਚ ਇੱਕ-ਇੱਕ ਮਰੀਜ਼ ਸਾਹਮਣੇ ਆਏ ਹਨ। ਇਸੇ ਦੌਰਾਨ ਮਹਾਰਾਸ਼ਟਰ ਦੇ ਪੁਣੇ ਨੇੜੇ ਪਿੰਪਰੀ-ਚਿੰਚਵਾੜ ’ਚ ਪੰਜ ਵਿਅਕਤੀਆਂ ਦੇ ਕਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਕੁੱਲ 84 ਕੇਸਾਂ ਵਿੱਚ 17 ਵਿਦਸ਼ੀ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ 16 ਇਤਾਲਵੀ ਸੈਲਾਨੀ ਅਤੇ ਇੱਕ ਕੈਨੇਡਾ ਵਾਸੀ ਸ਼ਾਮਲ ਹੈ। ਉਨ੍ਹਾਂ ਦੱਸਿਆ, ‘‘ਇੱਕ ਹਵਾਈ ਉਡਾਣ ਰਾਹੀਂ ਇਰਾਨ ਤੋਂ ਭਾਰਤੀ ਯਾਤਰੀਆਂ ਨੂੰ ਲਿਆਂਦਾ ਜਾ ਰਿਹਾ ਹੈ, ਜੋ ਸ਼ਨਿਚੱਰਵਾਰ ਦੇਰ ਰਾਤ ਮੁੰਬਈ ਪਹੁੰਚ ਜਾਣਗੇ। ਏਅਰ ਇੰਡੀਆ ਦੇ ਇੱਕ ਵਿਸ਼ੇਸ਼ ਜਹਾਜ਼ ਨੂੰ ਸ਼ਨਿੱਚਰਵਾਰ ਨੂੰ ਇਟਲੀ ਦੇ ਸ਼ਹਿਰ ਮਿਲਾਨ ਭੇਜਿਆ ਗਿਆ ਹੈ ਤਾਂ ਜੋ ਭਾਰਤੀ ਵਿਦਿਆਰਥੀਆਂ ਨੂੰ ਲਿਆਂਦਾ ਜਾ ਸਕੇ।’’
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਹੈਦਰਾਬਾਦ ਵਿੱਚ ਇੱਕ ਸਮਾਗਮ ਦੌਰਾਨ ਦੱਸਿਆ ਕਿ ਵਾਇਰਸ ਕਾਰਨ ਘਰੇਲੂ ਯਾਤਰੀਆਂ ਦਾ ਟਰੈਫਿਕ 10 ਤੋਂ 15 ਫੀਸਦੀ ਘਟ ਗਿਆ ਹੈ।
ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ 3 ਅਪਰੈਲ ਨੂੰ ਹੋਣ ਵਾਲਾ ਪਦਮ ਪੁਰਸਕਾਰ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਸਮਾਗਮ ਸਬੰਧੀ ਨਵੀਂ ਤਰੀਕ ਅਤੇ ਸਮੇਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਵਰ੍ਹੇ 141 ਪਦਮ ਪੁਰਸਕਾਰ ਦਿੱਤੇ ਜਾਣੇ ਹਨ, ਜਿਨ੍ਹਾਂ ਵਿੱਚ ਸੱਤ ਪਦਮ ਵਿਭੂਸ਼ਣ, 16 ਪਦਮ ਭੂਸ਼ਣ ਅਤੇ 118 ਪਦਮਸ੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰਾਂ ਵਿੱਚ 18 ਜਣੇ ਵਿਦੇਸ਼ੀ ਸ਼੍ਰੇਣੀਆਂ ਦੇ ਵੀ ਸ਼ਾਮਲ ਹਨ।