ਕਰੋਨਾਵਾਇਰਸ ਦੇ ਡਰ ਕਾਰਨ ਕੇਂਦਰ ਸਰਕਾਰ ਵਲੋਂ ਅਟਾਰੀ ਸਰਹੱਦ ਦੀ ਰੋਜ਼ਾਨਾ ‘ਰੀਟਰੀਟ ਸੈਰੇਮਨੀ’ ਵੇਖਣ ’ਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸੰਗਤ ਨੂੰ ਹੋਲੇ ਮਹੱਲੇ ਮੌਕੇ ਰਸਾਇਣਕ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ਬੀਐੱਸਐਫ ਦੇ ਡੀਆਈਜੀ ਬੀਐੱਸ ਰਾਵਤ ਨੇ ਦੱਸਿਆ ਕਿ ਭਲਕ ਤੋਂ ਅੰਮ੍ਰਿਤਸਰ ਤੋਂ ਇਲਾਵਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੇ ਫਾਜ਼ਿਲਕਾ ਦੇ ਸੱਦੀਕੀ ਵਿਖੇ ਵੀ ਰੀਟਰੀਟ ਰਸਮ ਵਿੱਚ ਲੋਕਾਂ ਦੇ ਜਾਣ ’ਤੇ ਰੋਕ ਦਿੱਤੀ ਗਈ ਹੈ।
ਵਿਸ਼ਵ ਸਿਹਤ ਸੰਗਠਨ ਵਲੋਂ ਕਰੋਨਾਵਾਇਰਸ ਨੂੰ ਲੈ ਕੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਿਸ ਤਹਿਤ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਵੇਖਣ ਲਈ ਹੁੰਦੇ ਇਕੱਠ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੌਰਾਨ ਝੰਡਾ ਉਤਾਰਨ ਦੀ ਰਸਮ ਰੋਜ਼ਾਨਾ ਹੋਵੇਗੀ ਪਰ ਸੈਲਾਨੀਆਂ ਨੂੰ ਇਹ ਪ੍ਰੋਗਰਾਮ ਦੇਖਣ ’ਤੇ ਰੋਕ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਹੋਟਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ ਜਿਸ ਵਿਚ ਹਦਾਇਤ ਕੀਤੀ ਗਈ ਹੈ ਕਿ ਉਹ ਹੋਟਲਾਂ ਵਿਚ ਆਉਣ ਵਾਲੇ ਯਾਤਰੂਆਂ ਨੂੰ ਇਸ ਰੋਕ ਸਬੰਧੀ ਜਾਣਕਾਰੀ ਦੇਣ ਤਾਂ ਜੋ ਉਨ੍ਹਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਆਖਿਆ ਕਿ ਹਵਾਈ ਅੱਡਾ ਅਤੇ ਅਟਾਰੀ ਸਰਹੱਦ ’ਤੇ ਸਿਹਤ ਵਿਭਾਗ ਵਲੋਂ ਸਕਰੀਨਿੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਹੋਟਲ ਵਿਚ ਕੋਈ ਵਿਦੇਸ਼ੀ ਸੈਲਾਨੀ ਆਉਂਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਸਿਵਲ ਸਰਜਨ ਨੂੰ ਦਿੱਤੀ ਜਾਵੇ। ਜੇਕਰ ਕੋਈ ਸ਼ੱਕੀ ਮਰੀਜ਼ ਲੱਗਦਾ ਹੈ ਤਾਂ ਉਸ ਦੀ ਜਾਣਕਾਰੀ ਵੀ ਦਿੱਤੀ ਜਾਵੇ। ਇਸ ਦੌਰਾਨ ਸੱਤ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ 12 ਅਤੇ 13 ਮਾਰਚ ਨੂੰ ਅੰਮ੍ਰਿਤਸਰ ਇੰਜਨੀਅਰਿੰਗ ਕਾਲਜ ਮਾਨਾਂਵਾਲਾ ਦਾ ਰੁਜ਼ਗਾਰ ਮੇਲਾ ਵੀ ਮੁਲਤਵੀ ਕਰ ਦਿੱਤਾ ਗਿਆ ਹੈ।
ਅਟਾਰੀ : ਪਾਕਿਸਤਾਨ ਤੋਂ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਅਟਾਰੀ ਸਰਹੱਦ ਵਿਖੇ ਸੰਗਠਿਤ ਚੈੱਕ ਪੋਸਟ ਵਿੱਚ ਸਿਹਤ ਵਿਭਾਗ ਵੱਲੋਂ ਤਾਇਨਾਤ ਕੀਤੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਰੋਨਾ ਵਾਇਰਸ ਤੋਂ ਪੀੜਤ ਕੋਈ ਵੀ ਸ਼ੱਕੀ ਵਿਅਕਤੀ ਭਾਰਤ ਵਿੱਚ ਬਿਨਾਂ ਜਾਂਚ ਤੋਂ ਦਾਖਲ ਨਾ ਹੋ ਸਕੇ। ਪੰਜਾਬ ਸਰਕਾਰ ਦੀ ਹੈਲਥ ਟੀਮ ਦੇ ਡਾਕਟਰ ਹਰਦੀਪ ਸਿੰਘ ਨੇ ਦੱੱਸਿਆ ਕਿ ਅਜੇ ਤੱਕ ਕਰੋਨਾ ਵਾਇਰਸ ਦਾ ਕੋਈ ਵੀ ਸ਼ੱਕੀ ਯਾਤਰੀ ਨਹੀਂ ਪਾਇਆ ਗਿਆ।
INDIA ਕਰੋਨਾਵਾਇਰਸ: ਅਟਾਰੀ ਤੇ ਹੁਸੈਨੀਵਾਲਾ ਸਰਹੱਦ ਦੀ ਰੀਟਰੀਟ ਰਸਮ ਦੇਖਣ ’ਤੇ ਰੋਕ