ਕਰੁਣਾਨਿਧੀ ਨੇ ਆਪਣੇ ਹੱਥੀਂ ਲਿਖੀ ਤਾਮਿਲ ਨਾਡੂ ਦੀ ਤਕਦੀਰ

ਦੱਖਣੀ ਭਾਰਤ ਦੀਆਂ ਘੱਟੋ ਘੱਟ 50 ਫਿਲਮਾਂ ਦੀਆਂ ਕਹਾਣੀਆਂ ਅਤੇ ਸੰਵਾਦ ਲਿਖਣ ਵਾਲੇ ਕਰੁਣਾਨਿਧੀ ਦੀ ਪਛਾਣ ਇਕ ਅਜਿਹੇ ਸਿਆਸਤਦਾਨ ਵਜੋਂ ਸੀ ਜਿਸ ਨੇ ਆਪਣੀ ਲੇਖਣੀ ਨਾਲ ਤਾਮਿਲਨਾਡੂ ਦੀ ਤਕਦੀਰ ਲਿਖੀ। ਤੇਜ਼ ਤਰਾਰ ਤੇ ਮਿੱਠੇ ਸੁਭਾਅ ਵਾਲੇ ਕਰੁਣਾਨਿਧੀ ਨੇ ਜਦ ਦ੍ਰਵਿੜ ਰਾਜ ਦੀ ਕਮਾਨ ਸੰਭਾਲੀ ਤਾਂ ਉਨ੍ਹਾਂ ਨੇ ਇਕ ਦਹਾਕੇ ਤਕ ਆਪਣੇ ਸਾਥੀ ਰਹੇ ਐਮਜੀ ਰਾਮਾਚੰਦਰਨ ਅਤੇ ਜੇ ਜੈਲਲਿਤਾ ਨੂੰ ਰਾਜਨੀਤੀ ਵਿੱਚ ਪਛਾੜ ਦਿੱਤਾ। ਉਨ੍ਹਾਂ ’ਚ ਕਲਾ ਅਤੇ ਰਾਜਨੀਤੀ ਦਾ ਅਜਿਹਾ ਸੁਮੇਲ ਸ਼ਾਇਦ ‘ਥਲੈਵਰ’ (ਨੇਤਾ) ਅਤੇ ਕਲੈਗਨਾਰ (ਕਲਾਕਾਰ) ਜਿਹੇ ਉਨ੍ਹਾਂ ਸੰਬੋਧਨਾਂ ਤੋਂ ਆਇਆ ਜਿਸ ਨਾਲ ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਨੂੰ ਬੁਲਾਉਂਦੇ ਸਨ। ਕਰੁਣਾਨਿਧੀ ਦਾ ਰਾਜਨੀਤਕ ਪ੍ਰਭਾਵ ਸਿਰਫ਼ ਉਨ੍ਹਾਂ ਦੇ ਰਾਜ ਤਕ ਹੀ ਸੀਮਤ ਨਹੀਂ ਸੀ। ਉਨ੍ਹਾਂ ਦੀ ਤਾਕਤ ਦੀ ਧਮਕ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਦੇ ਤਖ਼ਤ ਤਕ ਸੀ ਅਤੇ ਇਸੇ ਦੇ ਦਮ ’ਤੇ ਉਨ੍ਹਾਂ ਨੇ ਕਦੇ ਕਾਂਗਰਸ ਨਾਲ ਅਤੇ ਕਦੇ ਭਾਜਪਾ ਨਾਲ ਗੱਠਜੋੜ ਕਰਕੇ ਉਨ੍ਹਾਂ ਨੂੰ ਸੱਤਾ ਦੇ ਸਿਖਰ ਤਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਇਸ ਲਈ ਉਨ੍ਹਾਂ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਮੁਥੁਵੇਲ ਕਰੁਣਾਨਿਧੀ ਦੇ ਰਾਜਨੀਤਕ ਜੀਵਨ ਦੀ ਸ਼ੁਰੂਆਤ 1938 ਵਿੱਚ ਤਿਰੂਵਰੂਰ ਵਿੱਚ ਹਿੰਦੀ ਵਿਰੋਧੀ ਪ੍ਰਦਰਸ਼ਨ ਨਾਲ ਹੋਈ। ਉਦੋਂ ਉਹ ਮਹਿਜ਼ 14 ਸਾਲ ਦੇ ਸਨ। ਇਸ ਤੋਂ ਬਾਅਦ ਉਨ੍ਹਾਂ ਸੱਤਾ ਦੇ ਸਿਖਰ ਤਕ ਪਹੁੰਚਦਿਆਂ ਪੰਜ ਵਾਰ ਰਾਜ ਦੀ ਵਾਗਡੋਰ ਸੰਭਾਲੀ। ਈਵੀ ਰਾਮਸਾਮੀ ‘ਪੇਰਿਆਰ’ ਅਤੇ ਦ੍ਰਮੁਕ ਸੰਸਥਾਪਕ ਸੀ ਐਨ ਅੱਨਾਦੁਰਈ ਦੀ ਏਕਾ ਅਧਿਕਾਰਵਾਦੀ ਵਿਚਾਰਧਾਰਾ ਤੋਂ ਬੇਹੱਦ ਪ੍ਰਭਾਵਿਤ ਕਰੁਣਾਨਿਧੀ ਦ੍ਰਵਿੜ ਅੰਦੋਲਨ ਦਾ ਸਭ ਤੋਂ ਭਰੋਸੇਮੰਦ ਚਿਹਰਾ ਬਣ ਗਏ।

Previous articleਹੈਲੀਕਾਪਟਰ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਇਮਰਾਨ ਖ਼ਾਨ ਤੋਂ ਪੁੱਛਗਿੱਛ
Next articleLok Sabha mourns Karunanidhi’s death